ਮੁਸੀਬਤ ''ਚ ਫਸੇ ਲੋਕਾਂ ਦੀ ਮਦਦ ਕਰੇਗੀ ਇਹ ਐਪ
Saturday, May 14, 2016 - 11:05 AM (IST)

ਜਲੰਧਰ— ਪੰਜਾਬ ਦੀ ਜਲੰਧਰ ਪੁਲਸ ਨੇ ਲੋਕਾਂ ਨੂੰ ਮੋਬਾਇਲ ਰਾਹੀਂ ਆਵਾਜਾਈ ਸੰਬੰਧੀ ਸੇਵਾਵਾਂ ਦੇਣ ਲਈ ਮੋਬਾਇਲ ਐਪ ''ਐੱਮ-ਡੀ.ਟੀ.ਓ'' ਜਾਰੀ ਕੀਤੀ ਹੈ। ਐਪ ਗੂਗਲ ਪਲੇਅ ਸਟੋਰ ਤੋਂ ਫ੍ਰੀ ''ਚ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਆਈਫੋਨ ਯੂਜ਼ਰਸ ਲਈ ਇਹ ਐਪ ਇਕ ਹਫਤੇ ਦੇ ਅੰਦਰ ਉਪਲੱਬਧ ਹੋਵੇਗੀ।
ਜਲੰਧਰ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਇਹ ਐਪ ਇੰਡੀਅਨ ਆਈਲ, ਭਾਰਤ ਪੈਟਰੋਲੀਅਮ ਅਤੇ ਕਲਿੱਕ ਲੈਬਸ ਵੱਲੋਂ 20 ਦਿਨਾਂ ''ਚ ਤਿਆਰ ਕੀਤੀ ਗਈ ਹੈ। ਇਸ ਲਈ ਕੇਂਦਰੀ ਸੜਕ ਅਤੇ ਆਵਾਜਾਈ ਮੰਤਰਾਲੇ ਤੋਂ ਵੀ ਮਨਜ਼ੂਰੀ ਲਈ ਗਈ ਹੈ। ਇਸ ਐਪ ਅਧੀਨ ਡੀ.ਟੀ.ਓ. ਦਫਤਰ ''ਚ ਕਿਸੇ ਵੀ ਸੇਵਾ ਲਈ ਜ਼ਰੂਰੀ ਫਾਰਮ, ਅਰਜ਼ੀ ਦੇਣ ਦੀ ਪ੍ਰਕਿਰਿਆ ਅਤੇ ਫੀਸ ਸੰਬੰਧਿਤ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
ਇਸ ਤੋਂ ਇਲਾਵਾ ਆਵਾਜਾਈ ਦੇ ਨਿਯਮਾਂ ਦਾ ਉਲੰਘਣ ਕਰਨ ਦੀ ਸੂਰਤ ''ਚ ਜ਼ੁਰਮਾਨੇ ਦੀ ਵਿਵਸਥਾ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਰਾਹੀਂ ਲੋਕਾਂ ਨੂੰ ਆਵਾਜਾਈ ਨਿਯਮਾਂ, ਸੰਕੇਤਾਂ ਆਦਿ ਬਾਰੇ ਜਾਗਰੂਕ ਕਰਨ ਲਈ ਇਸ ਐਪ ''ਚ ਆਵਾਜਾਈ ਦੇ ਸਾਰੇ ਕਾਨੂੰਨਾਂ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਜਾਣਕਾਰੀ ਦਰਜ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਐਪ ਦਾ ਵੱਡਾ ਗੁਣ ਪੁਰਾਣੇ ਵਾਹਨਾਂ ਦੀ ਖਰੀਦ-ਵਿਕਰੀ ਸਮੇਂ ਕਿਸੇ ਵੀ ਕਿਸਮ ਦੀ ਧੋਖਾਧੜੀ ਤੋਂ ਲੋਕਾਂ ਨੂੰ ਬਚਾਉਣਾ ਹੈ। ਕਿਸੇ ਤਰ੍ਹਾਂ ਦੇ ਵੀ ਮੁਸ਼ਕਲ ਸਮੇਂ ''ਚ ਇਹ ਐਪ ਵੱਡੇ ਪੱਧਰ ''ਤੇ ਸਹਾਇਕ ਸਿੱਧ ਹੋਵੇਗੀ ਕਿਉਂਕਿ ਇਸ ਵਿਚ ਸਾਰੇ ਜ਼ਰੂਰੀ ਸੰਪਰਕ ਦਿੱਤੇ ਗਏ ਹਨ ਜਿਸ ਲਈ ਮੋਬਾਇਰ ਯੂਜ਼ਰ ਨੂੰ ਐਮਰਜੈਂਸੀ ''ਚ ਬੱਸ ਇਕ ਬਟਨ ਦਬਾਉਣਾ ਹੋਵੇਗਾ ਅਤੇ ਇਹ ਨੰਬਰ ਆਪਣੇ ਆਪ ਸੰਬੰਧਿਤ ਮਹਿਕਮੇ ਨੂੰ ਚਲਾ ਜਾਵੇਗਾ।