ਕਾਂਟੈਕਟਲੈੱਸ ਭੁਗਤਾਨ ਫੀਚਰ ਨਾਲ Titan ਨੇ ਭਾਰਤ ’ਚ ਲਾਂਚ ਕੀਤੀਆਂ 5 ਸਮਾਰਟ ਘੜੀਆਂ
Thursday, Sep 17, 2020 - 12:21 PM (IST)

ਗੈਜੇਟ ਡੈਸਕ– ਘੜੀਆਂ ਬਣਾਉਣ ਵਾਲੀ ਦਿੱਗਜ ਕੰਪਨੀ ਟਾਇਟਨ ਨੇ ਕਾਂਟੈਕਟਲੈੱਸ ਭੁਗਤਾਨ ਫੀਚਰ ਨਾਲ 5 ਨਵੀਆਂ ਸਮਾਰਟ ਘੜੀਆਂ ਭਾਰਤ ’ਚ ਲਾਂਚ ਕੀਤੀਆਂ ਹਨ। ਇਸ ਫੀਚਰ ਨੂੰ ਲਿਆਉਣ ਲਈ ਕੰਪਨੀ ਨੇ ਸਟੇਟ ਬੈਂਕ ਆਫਰ ਇੰਡੀਆ (ਐੱਸ.ਬੀ.ਆਈ.) ਨਾਲ ਸਾਂਝੇਦਾਰੀ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਯੂਜ਼ਰ ਟਾਇਟਨ ਪੇਅ ਪਾਵਰਡ ਇਸ ਘੜੀ ਨੂੰ ਟੈਪ ਕਰਕੇ POS ਸ਼ੀਨਾਂ ’ਤੇ ਕਾਂਟੈਕਟਲੈੱਸ ਭੁਗਤਾਨ ਕਰ ਸਕਦੇ ਹਨ।
ਬਿਨ੍ਹਾਂ ਪਿਨ ਐਂਟਰ ਕੀਤੇ ਕਰ ਸਕੋਗੇ 2 ਹਜ਼ਾਰ ਰੁਪਏ ਤਕ ਦਾ ਭੁਗਤਾਨ
ਟਾਇਟਨ ਦੇ ਇਸ ਨਵੇਂ ਫੀਚਰ ਦੀ ਵਰਤੋਂ ਸਿਰਫ ਸਟੇਟ ਬੈਂਕ ਆਫ ਇੰਡੀਆ ਦੇ ਕਾਰਡ ਹੋਲਡਰਸ ਹੀ ਕਰ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਟਾਇਟਨ ਦੀਆਂ ਇਨ੍ਹਾਂ ਘੜੀਆਂ ਰਾਹੀਂ ਭੁਗਤਾਨ ਕਰਦੇ ਸਮੇਂ ਯੂਜ਼ਰਸ ਨੂੰ ਪਿਨ ਐਂਟਰ ਕਰਨ ਦੀ ਵੀ ਲੋੜ ਨਹੀਂ ਹੋਵੇਗੀ। ਇਸ ਘੜੀ ਰਾਹੀਂ ਤੁਸੀਂ 2000 ਰੁਪਏ ਤਕ ਦਾ ਭੁਗਤਾਨ ਬਿਨ੍ਹਾਂ ਪਿਨ ਐਂਟਰ ਕੀਤੇ ਵੀ ਕਰ ਸਕਦੇ ਹੋ।
ਕੀਮਤ
ਇਸ ਨਵੀਂ ਵਾਚ ਸੀਰੀਜ਼ ’ਚ ਘੜੀਆਂ ਦੇ 3 ਮਾਡਲ ਮਰਦਾਂ ਲਈ ਅਤੇ 2 ਮਾਡਲ ਜਨਾਨੀਆਂ ਲਈ ਲਾਂਚ ਕੀਤੇ ਗਏ ਹਨ। ਮਰਦਾਂ ਲਈ ਲਿਆਈਆਂ ਘੜੀਆਂ ਦੀ ਕੀਮਤ 2,995 ਰੁਪਏ, 3,995 ਰੁਪਏ ਅਤੇ 5,995 ਰੁਪਏ ਹੈ। ਉਥੇ ਹੀ ਜਨਾਨੀਆਂ ਲਈ ਪੇਸ਼ ਕੀਤੀਆਂ ਗਈਆਂ ਘੜੀਆਂ ਦੀ ਕੀਮਤ 3,895 ਰੁਪਏ ਅਤੇ 4,395 ਰੁਪਏ ਰੱਖੀ ਗਈ ਹੈ। ਇਨ੍ਹਾਂ ਘੜੀਆਂ ਨੂੰ ਕੰਪਨੀ ਕਾਲੇ ਅਤੇ ਭੂਰੇ ਲੈਦਰ ਸਟ੍ਰੈਪ ’ਚ ਮੁਹੱਈਆ ਕਰਵਾਏਗੀ।
ਘੜੀਆਂ ’ਚ ਕੀਤੀ ਗਈ ਇਸ ਖ਼ਾਸ ਤਕਨੀਕ ਦੀ ਵਰਤੋਂ
ਘੜੀਆਂ ’ਚ ਦਿੱਤਾ ਗਿਆ ਖ਼ਾਸ ਭੁਗਤਾਨ ਫੰਕਸ਼ਨ ਸਕਿਓਰਡ ਸਰਟੀਫਾਇਡ ਨਿਅਰ-ਫੀਲਡ ਕਮਿਊਨੀਕੇਸ਼ਨ ਚਿਪ (NFC) ਰਾਹੀਂ ਕੰਮ ਕਰਦਾ ਹੈ, ਜਿਸ ਨੂੰ ਘੜੀ ਦੇ ਸਟ੍ਰੈਪ ’ਚ ਫਿਟ ਕੀਤਾ ਗਿਆ ਹੈ। ਟਾਇਟਨ ਪੇਅ ਫੀਚਰ YONO SBI ਨਾਲ ਪਾਵਰਡ ਹੈ ਅਤੇ ਇਹ ਉਨ੍ਹਾਂ ਹੀ ਥਾਵਾਂ ’ਤੇ ਕੰਮ ਕਰੇਗਾ ਜਿਥੇ POS (ਪੁਆਇੰਟ ਆਫ ਸੇਲ) ਮਸ਼ੀਨ ਮੌਜੂਦ ਹੋਵੇਗੀ।