ਸਰੀਰ ਰਾਹੀਂ ਦਾਖਿਲ ਹੋ ਲੈ ਸਕਦੈ ਅੰਦਰੂਨੀ ਹਿੱਸਿਆਂ ਦੀ ਤਸਵੀਰ ਇਹ ਸੂਖਮ ਕੈਮਰਾ
Wednesday, Jun 29, 2016 - 05:17 PM (IST)

ਜਲੰਧਰ-ਜਰਮਨੀ ਦੇ ਇੰਜੀਨੀਅਰਾਂ ਨੇ ਲੂਣ ਦੇ ਕਣ ਦੇ ਬਰਾਬਰ ਦਾ ਨੈਨੋ ਕੈਮਰਾ ਬਣਾਇਆ ਹੈ ।ਇਸ ਕੈਮਰੇ ਨੂੰ 3ਡੀ ਪ੍ਰਿਟਿੰਗ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਇਸ ਕੈਮਰੇ ਨੂੰ ਤਸਵੀਰਾਂ ਅਤੇ ਮੈਡੀਕਲ ਸਾਇੰਸ ਦੀ ਦੁਨੀਆ ''ਚ ਅਨੌਖੀ ਖੋਜ ਦੇ ਤੌਰ ''ਤੇ ਵੇਖਿਆ ਜਾ ਰਿਹਾ ਹੈ।ਇਹ ਕੈਮਰਾ ਇੰਨਾ ਛੋਟਾ ਹੈ ਕਿ ਇਸ ਨੂੰ ਆਸਾਨੀ ਨਾਲ ਸਿਰਿੰਜ ਦੇ ਜ਼ਰੀਏ ਮਨੁੱਖੀ ਸਰੀਰ ਦੇ ਅੰਦਰ ਇੰਜੈਕਟ ਕੀਤਾ ਜਾ ਸਕਦਾ ਹੈ। ਇਸ ਨੈਨੋ ਕੈਮਰੇ ਨੂੰ ਸਟੱਟਗਾਰਟ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਬਣਾਇਆ ਹੈ। ਇਹ ਥਰੀ-ਪਾਰਟ ਲੈਂਜ਼ ਕੈਮਰਾ ਹੈ ਜਿਸ ਨੂੰ ਆਪਟਿਕਲ ਫਾਇਬਰ ਦੇ ਅੰਤ ''ਚ ਫਿੱਟ ਕੀਤਾ ਗਿਆ ਹੈ।
ਇਹ ਨੈਨੋ ਕੈਮਰਾ ਆਸਾਨੀ ਨਾਲ ਮਨੁੱਖੀ ਸਰੀਰ ਦੇ ਅੰਦਰ ਦੇਖ ਸਕਦਾ ਹੈ।
ਇਸ ਨੈਨੋ ਕੈਮਰੇ ਨੂੰ ਇੰਜੀਨੀਅਰਾਂ ਨੇ ਕੁੱਝ ਹੀ ਘੰਟੇ ''ਚ ਡਿਜ਼ਾਇਨ ਕੀਤਾ ਅਤੇ ਉਸ ਤੋਂ ਬਾਅਦ ਇਸ ਦਾ ਸਫਲ ਪ੍ਰੀਖਣ ਕੀਤਾ ਗਿਆ। ਇਸ ਕੈਮਰੇ ਦੇ ਜ਼ਰੀਏ ਹਾਈ-ਆਪਟਿਕਲ ਪਰਫਾਰਮੈਂਸ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ । ਕੈਮਰੇ ''ਚ 100 ਮਾਈਕ੍ਰੋਮੀਟਰ (0.1 ਮਿਲੀਮੀਟਰ ਅਤੇ 0.004 ਇੰਚ) ਅਤੇ 120 ਮਾਈਕ੍ਰੋਮੀਟਰ ਦਾ ਕੰਪਾਊਂਡ ਲੈਂਜ਼ ਲਗਾਇਆ ਗਿਆ ਹੈ । ਇਹ ਕੈਮਰਾ 3.0 ਮਿਲੀਮੀਟਰ ਦੀ ਦੂਰੀ ਤੋਂ ਤਸਵੀਰਾਂ ਨੂੰ ਫੋਕਸ ਕਰ ਸਕਦਾ ਹੈ। ਕੈਮਰੇ ਦੀ ਖੋਜ ਦੇ ਬਾਰੇ ''ਚ ਸਾਇੰਸ ਜਰਨਲ ਨੇਚਰ ਫੋਟੋਨਿਕਸ ''ਚ ਵਿਸਥਾਰ ਨਾਲ ਦੱਸਿਆ ਗਿਆ ਹੈ ।ਇਸ ਕੈਮਰੇ ਦੁਆਰਾ ਸਰੀਰ ਦੇ ਅੰਦਰੂਨੀ ਸੂਖਮ ਕਣਾਂ ਦੇ ਨਾਲ-ਨਾਲ ਦਿਮਾਗ ਦੀ ਤਸਵੀਰ ਵੀ ਆਸਾਨੀ ਨਾਲ ਲਈ ਜਾ ਸਕਦੀ ਹੈ । ਕੈਮਰੇ ਦੇ ਜ਼ਰੀਏ ਸਰੀਰ ਦੇ ਅੰਦਰ ਮੌਜੂਦ ਟਿਸ਼ੂ ਦੀ ਹਾਈ ਰੇਜੋਲੁਸ਼ਨ ਤਸਵੀਰ ਖਿੱਚੀ ਜਾ ਸਕਦੀ ਹੈ ।