ਲੈਪਟਾਪ ਖਰੀਦਣ ਤੋਂ ਪਹਿਲਾਂ ਰੱਖੋਂ ਇਨ੍ਹਾਂ ਗੱਲਾਂ ਦਾ ਧਿਆਨ
Saturday, Jul 16, 2016 - 11:33 AM (IST)

ਜਲੰਧਰ- ਟੈਕਨਾਲੋਜੀ ਦੀ ਦੁਨੀਆ ''ਚ ਲੈਪਟਾਪ ਦੀ ਮੰਗ ਹੌਲੀ-ਹੌਲੀ ਵਧਦੀ ਜਾ ਰਹੀ ਹੈ। ਅਜਿਹੇ ''ਚ ਹਰ ਕੋਈ ਚਾਹੁੰਦਾ ਹੈ ਕਿ ਉਸ ਕੋਲ ਬਿਹਤਰ ਲੈਪਟਾਪ ਹੋਵੇ ਜਿਸ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕੇ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੇਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਹਾਨੂੰ ਲੈਪਟਾਪ ਦੀ ਚੋਣ ਕਰਨ ''ਚ ਆਸਾਨੀ ਹੋਵੇਗੀ।
1. ਸਕ੍ਰੀਨ ਸਾਈਜ਼-
ਲੈਪਟਾਪ ਦੀ ਖਰੀਦਾਰੀ ਤੋਂ ਪਹਿਲਾਂ ਇਸ ਗੱਲ ''ਤੇ ਧਿਆਨ ਦੇਣਾ ਜ਼ਰੂਰੀ ਹੈ ਕਿ ਤੁਹਾਨੂੰ ਆਪਣੇ ਲੈਪਟਾਪ ''ਚ ਕਿੰਨੀ ਵੱਡੀ ਸਕ੍ਰੀਨ ਚਾਹੀਦੀ ਹੈ। ਬਾਜ਼ਾਰ ''ਚ 12-ਇੰਚ ਤੋਂ ਲੈ ਕੇ 18-ਇੰਚ ਤੱਕ ਸਕ੍ਰੀਨ ਸਾਈਜ਼ ਵਾਲੇ ਲੈਪਟਾਪ ਉਪਲੱਬਧ ਹਨ। ਅਜਿਹੇ ''ਚ ਤੁਸੀਂ ਆਪਣੇ ਲੈਪਟਾਪ ''ਤੇ ਕੁਝ ਐਡੀਟਿੰਗ ਅਤੇ ਇੰਟਰਨੈੱਟ ਸਮੇਤ ਕੁਝ ਛੋਟੇ-ਮੋਟੇ ਕੰਮ ਕਰਨਾ ਚਾਹੁੰਦੇ ਹੋ ਤਾਂ 13 ਤੋਂ 15 ਇੰਚ ਵਾਲੇ ਲੈਪਟਾਪ ਨਾਲ ਤੁਹਾਡੀ ਜ਼ਰੂਰਤ ਪੂਰੀ ਹੋ ਸਕਦੀ ਹੈ। ਜੇਕਰ ਤੁਹਾਡਾ ਕੰਮ ਡਿਜ਼ਾਈਨਿੰਗ ਅਤੇ ਵੀਡੀਓ ਐਡੀਟਿੰਗ ਦਾ ਹੈ ਤਾਂ ਸਭ ਤੋਂ ਵੱਡੀ ਸਕ੍ਰੀਨ ਵਾਲੇ ਲੈਪਟਾਪ ਦੀ ਚੋਣ ਕਰੋ ਕਿਉਂਕਿ ਵੱਡੀ ਸਕ੍ਰੀਨ ''ਤੇ ਡਿਜ਼ਾਈਨ ਦਾ ਕੰਮ ਆਸਾਨੀ ਨਾਲ ਹੋਵੇਗਾ। ਲੈਪਟਾਪ ਖਰੀਦਦੇ ਸਮੇਂ ਸਕ੍ਰੀਨ ਰੈਜ਼ੋਲਿਊਸ਼ਨ ਦਾ ਵੀ ਘੱਟੋ-ਘੱਟ ਐੱਚ.ਡੀ. ਹੋਣਾ ਜ਼ਰੂਰੀ ਹੈ।
2. ਪ੍ਰੋਸੈਸਰ-
ਲੈਪਟਾਪ ਖਰੀਦਣ ਤੋਂ ਪਹਿਲਾਂ ਪ੍ਰੋਸੈਸਰ ਦੀ ਜਾਣਕਾਰੀ ਸਭ ਤੋਂ ਅਹਿਮ ਹੈ ਕਿਉਂਕਿ ਪ੍ਰੋਸੈਸਰ ਹੀ ਦੱਸੇਗਾ ਕਿ ਤੁਹਾਡਾ ਲੈਪਟਾਪ ਕਿੰਨਾ ਅਡਵਾਂਸ ਹੈ ਅਤੇ ਕਿੰਨੇ ਸਾਲਾਂ ਤੱਕ ਬਿਹਤਰ ਕੰਮ ਕਰੇਗਾ। ਬਾਜ਼ਾਰ ''ਚ ਇੰਟੈਲ ਅਤੇ ਏ.ਐੱਮ.ਡੀ. ਵਰਗੀਆਂ ਕੰਪਨੀਆਂ ਲੈਪਟਾਪ ਲਈ ਪ੍ਰੋਸੈਸਰ ਬਣਾਉਣ ਦਾ ਕੰਮ ਕਰਦੀਆਂ ਹਨ ਪਰ ਇੰਟੈਲ ਇਸ ਖੇਤਰ ਦਾ ਬਾਦਸ਼ਾਹ ਹੈ। ਅਜਿਹੇ ''ਚ ਸਾਧਾਰਣ ਇੰਟਰਨੈੱਟ, ਐਡੀਟਿੰਗ ਅਤੇ ਈ-ਮੇਲ ਆਦਿ ਦੀ ਵਰਤੋਂ ਕਰਨ ਲਈ ਤੁਸੀਂ ਆਈ3 ਪੰਜਵੀਂ ਜਨਰੇਸ਼ਨ ਦਾ ਲੈਪਟਾਪ ਖਰੀਦ ਸਕਦੇ ਹੋ ਜੋ 25,000 ਰੁਪਏ ਦੇ ਬਜਟ ''ਚ ਉਪਲੱਬਧ ਹੈ। ਉਥੇ ਹੀ ਥੋੜ੍ਹਾ ਬਿਹਤਰ ਲੈਪਟਾਪ ਖਰੀਦਣਾ ਚਾਹੁੰਦੇ ਹੋ ਤਾਂ 40,000 ਰੁਪਏ ਦੇ ਬਜਟ ''ਚ ਕੋਰ ਆਈ5 ਪੰਜਵੀਂ ਜਨਰੇਸ਼ਨ ਪ੍ਰੋਸੈਸਰ ਆਧਾਰਿਤ ਲੈਪਟਾਪ ਖਰੀਦ ਸਕਦੇ ਹੋ। ਕੋਰ ਆਈ7 ਲਈ ਤੁਹਾਨੂੰ ਥੋੜ੍ਹੀ ਹੋਰ ਕੀਮਤ ਚੁਕਾਉਣੀ ਪਵੇਗੀ।
3. ਹਾਰਡ ਡ੍ਰਾਈਵ-
ਲੈਪਟਾਪ ''ਚ ਜਿੰਨੀ ਜ਼ਿਆਦਾ ਮੈਮਰੀ ਡ੍ਰਾਈਵ ਲੱਗੇਗੀ ਉਨਾ ਹੀ ਜ਼ਿਆਦਾ ਤੁਸੀਂ ਡਾਟਾ ਸਟੋਰ ਕਰ ਸਕੋਗੇ। ਹਾਲਾਂਕਿ ਜਿਸ ਤਰ੍ਹਾਂ ਲੋਕਾਂ ਦੀਆਂ ਲੋੜਾਂ ਵਧ ਰਹੀਆਂ ਹਨ ਉਸ ਨੂੰ ਦੇਖਦੇ ਹੋਏ ਘੱਟੋ-ਘੱਟ 500 ਜੀ.ਬੀ. ਦੀ ਹਾਰਡ ਡ੍ਰਾਈਵ ਨੂੰ ਬਿਹਤਰ ਕਿਹਾ ਜਾ ਸਕਦਾ ਹੈ। ਸਾਧਾਰਣ ਐੱਚ.ਡੀ.ਡੀ. (ਹਾਰਡ ਡਿਸਕ ਡ੍ਰਾਈਵ) ਲੈਂਦੇ ਹੋ ਤਾਂ ਘੱਟ ਕੀਮਤ ਚੁਕਾਉਣਾ ਪਵੇਗੀ ਪਰ ਜੇਕਰ ਤੁਸੀਂ ਐੱਸ.ਡੀ.ਡੀ. (ਸਾਲਿਡ ਸਟੇਡ ਡਿਸਕ) ਲਵੋਗੇ ਤਾਂ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਐੱਸ.ਡੀ.ਡੀ. ਨਵੀਂ ਤਕਨੀਕ ਹੈ ਅਤੇ ਇਸ ਵਿਚ ਡਾਟਾ ਐੱਚ.ਡੀ.ਡੀ. ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਰਹਿੰਦਾ ਹੈ।
4. ਰੈਮ-
ਜੇਕਰ ਤੁਸੀਂ ਆਪਣੇ ਬਿਜ਼ਨੈੱਸ ਲਈ ਲੈਪਟਾਪ ਦੀ ਵਰਤੋਂ ਕਰ ਰਹੇ ਹੋ ਅਤੇ ਈ-ਮੇਲ ਤੇ ਬ੍ਰਾਊਜ਼ਰ ਤੋਂ ਇਲਾਵਾ ਥੋੜ੍ਹੀ ਬਹੁਤ ਐਡੀਟਿੰਗ, ਪ੍ਰਜੈਂਟੇਸ਼ਨ ਦਾ ਕੰਮ ਕਰਦੇ ਹੋ ਤਾਂ 2 ਤੋਂ 4 ਜੀ.ਬੀ. ਰੈਮ ਮੈਮਰੀ ਕਾਫੀ ਹੈ। ਉਥੇ ਹੀ ਹਾਈ ਗ੍ਰਾਫਿੱਕਸ ਦੀ ਵਰਤੋਂ ਕਰਦੇ ਹੋ ਅਤੇ ਵੀਡੀਓ ਐਡੀਟਿੰਗ ਵੀ ਕਰਨੀ ਹੈ ਤਾਂ 8 ਜੀ.ਬੀ. ਰੈਮ ਮੈਮਰੀ ਵਾਲਾ ਲੈਪਟਾਪ ਖਰੀਦੋ।
5. ਗ੍ਰਾਫਿੱਕਸ ਕਾਰਡ-
ਤੁਸੀਂ ਜੇਕਰ ਪੀ.ਸੀ. ''ਤੇ ਗੇਮ ਖੇਡਣ ਦੇ ਸ਼ੌਕੀਨ ਹੋ ਤਾਂ ਗ੍ਰਾਫਿੱਕਸ ਵੀ ਜ਼ਰੂਰ ਦੇਖੋ। ਵੀਡੀਓ ਐਡੀਟਿੰਗ ਅਤੇ ਡਿਜ਼ਾਈਨ ''ਚ ਵੀ ਇਸ ਦਾ ਹੋਣਾ ਫਾਇਦੇਮੰਦ ਹੈ। ਹਾਲਾਂਕਿ ਇਸ ਨਾਲ ਥੋੜ੍ਹੀ ਕੀਮਤ ਵਧ ਜਾਵੇਗੀ ਪਰ ਇਹ ਲੈਪਟਾਪ ਲਈ ਜ਼ਰੂਰੀ ਹੈ।
6. ਕੁਨੈਕਟੀਵਿਟੀ-
ਪੁਰਾਣੇ ਲੈਪਟਾਪ ''ਚ ਸੀਡੀ ਡ੍ਰਾਈਵ ਪਹਿਲ ਦੇ ਆਧਾਰ ''ਤੇ ਦਿੱਤੀ ਜਾਂਦੀ ਸੀ ਪਰ ਅੱਜ ਇਹ ਜ਼ਰੂਰੀ ਨਹੀਂ ਕਿਉਂਕਿ ਯੂ.ਐੱਸ.ਬੀ. ਨਾਲ ਹੀ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ। ਇਹ ਦੇਖੋ ਕਿ ਕਿੰਨੇ ਯੂ.ਐੱਸ.ਬੀ. ਸਲਾਟ, ਐੱਚ.ਡੀ. ਐੱਮ.ਆਈ., ਯੂ.ਐੱਸ.ਬੀ. ਟਾਇਪ-ਸੀ ਅਤੇ ਲੈਨ ਪੋਰਟ ਉਪਲੱਬਧ ਹਨ। ਵਾਈ-ਫਾਈ ਅਤੇ ਬਲੂਟੁਥ ਦੀ ਜਾਣਕਾਰੀ ਵੀ ਲੈਣਾ ਜ਼ਰੂਰੀ ਹੈ ਜਿਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਲੈਪਟਾਪ ਨੂੰ ਬਣਾਉਣ ''ਚ ਕਿੰਨੀ ਐਡਵਾਂਸ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ।
7. ਆਪਰੇਟਿੰਗ ਸਿਸਟਮ-
ਹਾਲਾਂਕਿ ਇਹ ਫੈਸਲਾ ਪਹਿਲਾਂ ਹੀ ਲਿਆ ਜਾਵੇ ਤਾਂ ਬਿਹਤਰ ਹੈ ਕਿ ਤੁਸੀਂ ਕਿਹੜਾ ਆਪਰੇਟਿੰਗ ਸਿਸਟਮ ਲੈਣਾ ਚਾਹੁੰਦੇ ਹੋ। ਜੇਕਰ ਤੁਸੀਂ ਐਪਲ ਦੇ ਮੈਕ ਆਪਰੇਟਿੰਗ ਸਿਸਟਮ ਨਾਲ ਜਾਣਾ ਚਾਹੁੰਦੇ ਹੋ ਤਾਂ ਇਸ ਵਿਚ ਤੁਹਾਨੂੰ ਗਿਣੇ-ਚੁਣੇ ਮਾਡਲ ਦਾ ਹੀ ਵਿਕਲਪ ਮਿਲੇਗਾ ਪਰ ਜੇਕਰ ਤੁਸੀਂ ਵਿੰਡੋਜ਼ ਆਪਰੇਟਿੰਗ ਸਿਸਟਮ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਬਹੁਤ ਸਾਰੇ ਲੈਪਟਾਪ ਦੇ ਵਿਕਲਪ ਉਪਲੱਬਧ ਹੋਣਗੇ। ਵਿੰਡੋਜ਼ 10 ਨੂੰ ਫਿਲਹਾਲ ਸਭ ਤੋਂ ਬਿਹਤਰ ਆਪਰੇਟਿੰਗ ਸਿਸਟਮ ਕਿਹਾ ਜਾ ਸਕਦਾ ਹੈ। ਫਿਲਹਾਲ ਇਸ ਓ.ਐੱਸ. ''ਤੇ ਆਧਾਰਿਤ ਲੈਪਟਾਪ ਖਰੀਦਣਾ ਬਿਹਤਰ ਰਹੇਗਾ।