ਤੁਹਾਡੀਆਂ ਸਰਗਰਮੀਆਂ ''ਤੇ ਨਜ਼ਰ ਰੱਖ ਰਹੇ ਹਨ Smart TV
Tuesday, Oct 15, 2019 - 10:28 AM (IST)

ਟ੍ਰੈਕਿੰਗ 'ਚ Roku ਤੇ Amazon Fire TV ਸਭ ਤੋਂ ਉੱਪਰ
ਗੈਜੇਟ ਡੈਸਕ– ਪਿਛਲੇ 2 ਸਾਲਾਂ ਤੋਂ ਸਮਾਰਟ ਟੀਵੀ ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਨ੍ਹਾਂ ਟੀ. ਵੀਜ਼ ਨੂੰ ਲੈ ਕੇ ਅਜਿਹੀ ਰਿਪੋਰਟ ਸਾਹਮਣੇ ਆਈ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗੀ। ਖੋਜੀਆਂ ਦੀ ਟੀਮ ਨੇ ਦਾਅਵਾ ਕੀਤਾ ਹੈ ਕਿ ਇੰਟਰਨੈੱਟ ਨਾਲ ਜੁੜੇ ਇਹ ਸਮਾਰਟ ਟੀ. ਵੀ. ਯੂਜ਼ਰਜ਼ 'ਤੇ ਨਜ਼ਰ ਰੱਖਣ ਦੇ ਨਾਲ ਹੀ ਉਨ੍ਹਾਂ ਦੇ ਨਿੱਜੀ ਡਾਟਾ ਤਕ ਵੀ ਪਹੁੰਚ ਬਣਾਉਂਦੇ ਹਨ। ਡਾਟਾ ਟ੍ਰੈਕਿੰਗ ਦੇ ਮਾਮਲੇ ਵਿਚ Roku ਤੇ Amazon Fire TV ਨੂੰ ਸਭ ਤੋਂ ਉੱਪਰ ਦੱਸਿਆ ਗਿਆ ਹੈ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਜ਼ ਦੀ ਨਿੱਜਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।
ਇੰਝ ਹੋ ਰਹੀ ਹੈ ਟ੍ਰੈਕਿੰਗ
ਅਮਰੀਕੀ ਸੂਬੇ ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ਦੇ ਖੋਜੀਆਂ ਦਾ ਦਾਅਵਾ ਹੈ ਕਿ ਇੰਟਰਨੈੱਟ ਨਾਲ ਜੁੜੇ ਇਨ੍ਹਾਂ ਟੀ. ਵੀਜ਼ ਵਿਚ ਸਭ ਤੋਂ ਜ਼ਿਆਦਾ ਲੋਕ Netflix ਤੇ Hulu ਰਾਹੀਂ ਸ਼ੋਅ ਦੇਖਦੇ ਹਨ ਪਰ ਇਨ੍ਹਾਂ ਵਿਚ ਡਾਟਾ ਇਕੱਠਾ ਕਰਨ ਵਾਲੇ ਟ੍ਰੈਕਰਸ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਟੀ. ਵੀਜ਼ 'ਤੇ ਜਦੋਂ ਤੁਸੀਂ ਕੋਈ ਵੈੱਬ ਕੰਟੈਂਟ ਦੇਖਦੇ ਹੋ ਤਾਂ ਓ. ਟੀ. ਟੀ. (ਓਵਰ ਦਿ ਟਾਪ) ਐਪਸ ਯੂਜ਼ਰ 'ਤੇ ਨਜ਼ਰ ਰੱਖਦੀਆਂ ਹਨ ਅਤੇ ਉਨ੍ਹਾਂ ਦਾ ਡਾਟਾ ਵੀ ਚੋਰੀ ਕਰਦੀਆਂ ਹਨ।
ਐਡਸ ਦਿਖਾਉਣ ਲਈ ਕੀਤਾ ਜਾ ਰਿਹਾ ਡਾਟਾ ਚੋਰੀ
ਪਹਿਲਾਂ ਕੰਪਨੀਆਂ ਯੂਜ਼ਰਜ਼ ਨੂੰ ਟ੍ਰੈਕ ਕਰਦੀਆਂ ਹਨ ਅਤੇ ਫਿਰ ਇਸ ਇਕੱਠੇ ਕੀਤੇ ਗਏ ਡਾਟਾ ਦੇ ਆਧਾਰ 'ਤੇ ਉਨ੍ਹਾਂ ਨੂੰ ਐਡਸ ਦਿਖਾਈਆਂ ਜਾਂਦੀਆਂ ਹਨ। ਇਸ ਦੌਰਾਨ ਡਿਵਾਈਸ ਆਈ. ਡੀ. ਨਾਲ ਸੀਰੀਅਲ ਨੰਬਰ, ਵਾਈ-ਫਾਈ ਮੈਕ ਐਡਰੈੱਸ ਤੇ SSID ਦੇ ਡਾਟਾ ਤਕ ਪਹੁੰਚ ਬਣਾਈ ਜਾਂਦੀ ਹੈ। ਇੰਨਾ ਹੀ ਨਹੀਂ, ਇਨ੍ਹਾਂ ਸੇਵਾਵਾਂ ਬਾਰੇ ਕਿਹਾ ਗਿਆ ਹੈ ਕਿ ਇਹ ਸਮਾਰਟ ਟੀ. ਵੀ. ਦੇ ਮਾਈਕ੍ਰੋਫੋਨ ਇਨਪੁੱਟ, ਵਿਊਇੰਗ ਹਿਸਟਰੀ ਤੇ ਯੂਜ਼ਰ ਦੀ ਨਿੱਜੀ ਜਾਣਕਾਰੀ ਵੀ ਹੈਕ ਕਰਦੀਆਂ ਹਨ।
ਵੱਖ-ਵੱਖ ਵੈੱਬਸਾਈਟਸ 'ਤੇ ਸ਼ੇਅਰ ਹੁੰਦਾ ਹੈ ਡਾਟਾ
ਦੱਸ ਦੇਈਏ ਕਿ ਓਵਰ ਦਿ ਟਾਪ ਮਤਲਬ (ਓ. ਟੀ. ਟੀ.) ਸੇਵਾਵਾਂ ਡਾਟਾ ਟ੍ਰੈਕਰਸ ਨਾਲ ਹੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਰੋਕੂ ਦੇ 69 ਫੀਸਦੀ ਚੈਨਲ ਤੇ ਐਮੇਜ਼ਾਨ ਫਾਇਰ ਟੀ. ਵੀ. ਦੇ 89 ਫੀਸਦੀ ਚੈਨਲ ਟ੍ਰੈਕਰਸ ਨਾਲ ਲੈਸ ਹਨ। ਇਹ ਸੇਵਾਵਾਂ 60 ਵੈੱਬਸਾਈਟਾਂ 'ਤੇ ਯੂਜ਼ਰਜ਼ ਦਾ ਡਾਟਾ ਸ਼ੇਅਰ ਕਰ ਰਹੀਆਂ ਹਨ।