ਸਿੰਪਲ ਐਨਰਜੀ ਨੇ ਪੇਸ਼ ਕੀਤਾ ‘simple ONE’ ਈ-ਸਕੂਟਰ, ਇਕ ਵਾਰ ਚਾਰਜ ਹੋਣ ''ਤੇ ਚੱਲੇਗਾ 212 ਕਿ.ਮੀ.
Wednesday, May 24, 2023 - 03:59 PM (IST)
ਆਟੋ ਡੈਸਕ- ਬੇਂਗਲੁਰੂ ਦੀ ਸਿੰਪਲ ਐਨਰਜੀ ਨੇ ਆਪਣੀ ਸ਼ੂਲਾਗਿਰੀ ਇਕਾਈ 'ਚ ਨਿਰਮਿਤ ਆਪਣਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸਿੰਪਲ ਵਨ ਇਲੈਕਟ੍ਰਿਕ ਸਕੂਟਰ ਮੰਗਲਵਾਰ ਨੂੰ ਪੇਸ਼ ਕਰ ਦਿੱਤਾ ਹੈ। ਹੁਣ ਤਕ ਕਰੀਬ 110 ਕਰੋੜ ਰੁਪਏ ਨਿਵੇਸ਼ ਕਰ ਚੁੱਕੀ ਇਸ ਕੰਪਨੀ ਨੂੰ 8 ਮਹੀਨਿਆਂ 'ਚ 100,000 ਤੋਂ ਜ਼ਿਆਦਾ ਸਕੂਟਰਾਂ ਦੀ ਐਡਵਾਂਸ ਬੁਕਿੰਗ ਮਿਲੀ ਸੀ ਜਿਸ ਵਿਚੋਂ ਕਰੀਬ 1,500 ਕਰੋੜ ਰੁਪਏ ਦੇ ਆਰਡਰ ਯਕੀਨੀ ਹੋਏ।
ਇਕ ਵਾਰ ਚਾਰਜ ਹੋਣ 'ਤੇ ਚੱਲੇਗਾ 212 ਕਿਲੋਮੀਟਰ
ਸਿੰਪਲ ਵਨ ਮੌਜੂਦਾ ਸਮੇਂ 'ਚ ਭਾਰਤ 'ਚ ਪ੍ਰਤੀ ਘੰਟਾ 105 ਕਿਲੋਮੀਟਰ ਦੀ ਟਾਪ ਸਪੀਡ ਦੇ ਨਾਲ ਤੇਜ਼ ਰਫਤਾਰ ਵਾਲਾ ਇਲੈਕਟ੍ਰਿਕ ਸਕੂਟਰ ਹੈ ਅਤੇ ਇਕ ਵਾਰ ਚਾਰਜ ਹੋਣ 'ਤੇ ਇਸ ਨਾਲ ਕਰੀਬ 212 ਕਿਲੋਮੀਟਰ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ।
ਇਸ ਸਕੂਟਰ ਦੀ ਡਿਲਿਵਰੀ ਇਸ ਮਹੀਨੇ ਦੇ ਅਖੀਰ ਤਕ ਜਾਂ ਜੁਲਾਈ ਦੇ ਪਹਿਲੇ ਹਫਤੇ ਤਕ ਸ਼ੁਰੂ ਹੋ ਜਾਵੇਗੀ। ਸਕੂਟਰ ਦੀ ਕੀਮਤ 1,45,000 ਰੁਪਏ ਤੋਂ 1,58,000 ਰੁਪਏ (ਚਾਰਜਰ ਸ਼ਾਮਲ ਨਹੀਂ) ਦੇ ਵਿਚਕਾਰ ਹੈ। ਇਸਦੇ 750 ਡਬਲਯੂ ਪੋਰਟੇਬਲ ਚਾਰਜਰ ਦੀ ਕੀਮਤ 13,000 ਰੁਪਏ ਹੈ।
ਫਰਵਰੀ 'ਚ ਕਰੀਬ 2 ਕਰੋੜ ਡਾਲਰ ਜੁਟਾਉਣ ਤੋਂ ਬਾਅਦ ਕੰਪਨੀ ਦੇ ਸੰਸਥਾਪਕ ਅਤੇ ਮੁੱਖ ਕਾਰਜ ਅਧਿਕਾਰੀ ਸੁਹਾਸ ਰਾਜ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਇਸ ਨਵੀਂ ਪੇਸ਼ਕਸ਼ ਦੇ ਨਾਲ-ਨਾਲ ਕੰਪਨੀ ਵਿਸਥਾਰ ਯੋਜਨਾਵਾਂ ਨੂੰ ਲਾਗੂ ਕਰਨ ਲਈ ਨਵੇਂ ਫੰਡ ਜੁਟਾਉਣ ਦੀ ਪ੍ਰਕਿਰਿਆ ਵਿੱਚ ਹੈ।