ਜਿਓ ਅਤੇ ਪੁਰਾਣੀ ਟੈਲੀਕਾਮ ਕੰਪਨੀਆਂ ਦੇ ਵਿਚਕਾਰ ਤਕਰਾਰ, ਜਾਣੋ ਕੀ ਹੈ ਮਾਮਲਾ
Friday, Aug 12, 2016 - 11:55 AM (IST)
.jpg)
ਜਲੰਧਰ- ਰਿਲਾਇੰਸ ਜਿਓ ਅਤੇ ਦੂਜੀਆਂ ਪੁਰਾਣੀਆਂ ਦੂਰਸੰਚਾਰ ਕੰਪਨੀਆਂ ਵਿਚਾਲੇ ਹੁਣ ਤੱਕ ਦੱਬੀ ਜ਼ੁਬਾਨ ''ਚ ਚੱਲ ਰਹੀ ਜੰਗ ਜਾਂ ਕਹੋ ਤਕਰਾਰ ਹੁਣ ਖੁੱਲ੍ਹ ਕੇ ਜ਼ਾਹਿਰ ਹੋ ਗਈ ਹੈ। ਦੂਰਸੰਚਾਰ ਖੇਤਰ ਦੀ ਅਗਵਾਈ ਕਰਨ ਵਾਲੇ ਸੰਗਠਨ ਸੈਲੂਲਰ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.) ਨੇ ਜਿਓ ''ਤੇ ਸਿੱਧਾ ਹਮਲਾ ਬੋਲਦੇ ਹੋਏ ਦੂਰਸੰਚਾਰ ਸਕੱਤਰ ਜੇ. ਐੱਸ. ਦੀਪਕ ਨੂੰ ਉਸਦੇ ਖਿਲਾਫ ਚਿੱਠੀ ਲਿਖੀ ਹੈ। ਚਿੱਠੀ ''ਚ ਦੋਸ਼ ਲਾਇਆ ਗਿਆ ਹੈ ਕਿ ਪ੍ਰੀਖਣ ਸੇਵਾ ਦੇ ਨਾਂ ''ਤੇ ਰਿਲਾਇੰਸ ਜਿਓ ਗਾਹਕਾਂ ਨੂੰ ਪੂਰੀਆਂ ਸੇਵਾਵਾਂ ਦੇ ਰਹੀ ਹੈ ਅਤੇ ਦੂਜੀਆਂ ਕੰਪਨੀਆਂ ਦੇ ਗਾਹਕ ਕੱਟ ਰਹੀ ਹੈ।
ਇਸ ਤੋਂ ਪਹਿਲਾਂ ਰਿਲਾਇੰਸ ਜਿਓ ਨੇ ਦੂਰਸੰਚਾਰ ਵਿਭਾਗ ਨੂੰ ਪੱਤਰ ਲਿਖ ਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੂਰਸੰਚਾਰ ਕੰਪਨੀਆਂ ਉਸ ਨੂੰ ਸਮਰਥ ਇੰਟਰਕੁਨੈਕਟ ਬੈਂਡਵਿਡਥ ਉਪਲੱਬਧ ਨਹੀਂ ਕਰਵਾ ਰਹੀਆਂ ਹਨ। ਦੂਰਸੰਚਾਰ ਕੰਪਨੀਆਂ ਨੇ ਇਸ ਦੇ ਜਵਾਬ ''ਚ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਹੈ ਕਿ ਜਿਓ ਨੈੱਟਵਰਕ ਦੇ ਕਾਰਨ ਮੌਜੂਦਾ ਕੰਪਨੀਆਂ ਦੇ ਨੈੱਟਵਰਕ ''ਤੇ ਅਸਰ ਪੈ ਰਿਹਾ ਹੈ।
ਸੀ. ਓ. ਏ. ਆਈ. ਦੇ ਮਹਾਨਿਰਦੇਸ਼ਕ ਰੰਜਨ ਮੈਥਿਊਜ਼ ਨੇ ਕਿਹਾ, ''ਅਸੀਂ ਚਿੱਠੀ ''ਚ ਪੁੱਛਿਆ ਹੈ ਕਿ ਇਹ ਹਰਕਤ ਨਿਯਮਾਂ ਦੇ ਅਨੁਸਾਰ ਹੈ ਜਾਂ ਨਹੀਂ ਕਿਉਂਕਿ 15 ਲੱਖ ਗਾਹਕ ਪਹਿਲਾਂ ਹੀ ਸਾਡੇ ਨੈੱਟਵਰਕਾਂ ਦੀ ਵਰਤੋਂ ਕਰ ਰਹੇ ਹਨ ਅਤੇ ਪ੍ਰੀਖਣ ਦੀ ਮਿਆਦ ਫਿਰ ਵਧਾ ਦਿੱਤੀ ਗਈ ਹੈ। ਅਜਿਹੇ ''ਚ ਸਾਡੇ ਸੇਵਾਦਾਤਾਵਾਂ ਦੇ ਨੈੱਟਵਰਕ ''ਤੇ ਅਸਰ ਪੈ ਰਿਹਾ ਹੈ।'' ਇਸ ਦੇ ਖਪਤਕਾਰ ਦੇਸ਼ ''ਚ ਸਾਧਾਰਨ ਔਸਤ ਦੇ ਮੁਕਾਬਲੇ ਲਗਭਗ 25.30 ਗੁਣਾ ਵੱਧ ਡਾਟਾ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਕੰਪਨੀ ਫਿਲਹਾਲ ਮੁਫਤ ''ਚ ਡਾਟਾ ਉਪਲੱਬਧ ਕਰਵਾ ਰਹੀ ਹੈ। ਦੱਸਣਯੋਗ ਹੈ ਕਿ ਜਿਓ ਅਜੇ ਤੱਕ ਪ੍ਰੀਖਣ ਹੀ ਕਰ ਰਹੀ ਹੈ, ਪਰ ਇਸ ਦੀਆਂ ਮੁਕਾਬਲੇਬਾਜ਼ ਕੰਪਨੀਆਂ ਨੂੰ ਹੁਣ ਸ਼ੱਕ ਹੋ ਰਿਹਾ ਹੈ ਕਿ ਜਿਓ ਉਨ੍ਹਾਂ ਦੇ ਗਾਹਕਾਂ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਚਿੱਠੀ ''ਚ ਸੀ. ਓ. ਏ. ਆਈ. ਨੇ ਲਿਖਿਆ ਹੈ, ਜਿਓ ਪ੍ਰੀਖਣ ਸੇਵਾ ਨਹੀਂ ਦੇ ਰਹੀ ਹੈ ਸਗੋਂ ਇਸਦੀ ਆੜ ''ਚ ਸਾਰੀਆਂ ਸੇਵਾਵਾਂ ਦੇ ਰਹੀ ਹੈ । ਇਸ ਤਰ੍ਹਾਂ ਕੰਪਨੀ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ।''
ਜਿਓ ਨੇ ਕੀਤਾ ਪਲਟਵਾਰ
ਰਿਲਾਇੰਸ ਜਿਓ ਇਨਫੋਕਾਮ ਨੇ ਮੁਕਾਬਲੇਬਾਜ਼ ਦੂਰਸੰਚਾਰ ਕੰਪਨੀਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਨੂੰ ਲਿਖੇ ਪੱਤਰ ਦਾ ਵਿਸ਼ਾ ਜਾਰੀ ਕਰ ਦਿੱਤਾ । ਕੰਪਨੀ ਨੇ ਆਪਣੇ ''ਤੇ ਲਾਏ ਗਏ ਦੋਸ਼ਾਂ ਨੂੰ ਨਿਗੁਣਾ, ਬੇਬੁਨਿਆਦ ਅਤੇ ਗਲਤ ਦੱਸਦਿਆਂ ਕਿਹਾ ਕਿ ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.) ਕੁੱਝ ਵੱਡੀਆਂ ਕੰਪਨੀਆਂ ਦੇ ਕਥਿਤ ਸਵਾਰਥਾਂ ਨੂੰ ਅੱਗੇ ਵਧਾਉਣ ਲਈ ਇਹ ਕੂੜਪ੍ਰਚਾਰ ਕਰ ਰਹੀ ਹੈ । ਸੀ. ਓ. ਏ. ਆਈ. ਜਾਣਬੁੱਝ ਕੇ ਰਿਲਾਇੰਸ ਜਿਓ ਹੀ ਨਹੀਂ ਸਗੋਂ ਟਰਾਈ ਦੇ ਖਿਲਾਫ ਵੀ ਕੂੜਪ੍ਰਚਾਰ ਕਰ ਰਹੀ ਹੈ । ਕੰਪਨੀ ਨੇ ਕਿਹਾ ਕਿ ਉਸਦਾ ਮਕਸਦ 1 ਕਰੋੜ ਖਪਤਕਾਰਾਂ ਤੱਕ ਪੁੱਜਣਾ ਹੈ ਅਤੇ ਜਦੋਂ ਤੱਕ ਦੂਜੀਆਂ ਕੰਪਨੀਆਂ ਜ਼ਰੂਰੀ ਇੰਟਰਕੁਨੈਕਸ਼ਨ ਬੈਂਡਵਿਡਥ ਨਹੀਂ ਦਿੰਦੀਆਂ, ਉਦੋਂ ਤੱਕ ਕੰਪਨੀ ਆਪਣੀਆਂ ਕਾਰੋਬਾਰੀ ਸੇਵਾਵਾਂ ਸ਼ੁਰੂ ਨਹੀਂ ਕਰ ਸਕਦੀ। ਜਿਓ ਨੇ ਨਾਲ ਹੀ ਦੋਸ਼ ਲਾਇਆ ਕਿ ਦੂਜੀਆਂ ਦੂਰਸੰਚਾਰ ਕੰਪਨੀਆਂ ਆਪਣੀ ਮਜ਼ਬੂਤ ਸਥਿਤੀ ਦਾ ਫਾਇਦਾ ਚੁੱਕ ਕੇ ਦੂਜੇ ਆਪਰੇਟਰਾਂ ਨੂੰ ਉਭਰਨ ਨਹੀਂ ਦੇ ਰਹੀਆਂ ਹਨ । ਕੰਪਨੀ ਨੇ ਇਹ ਵੀ ਦਲੀਲ ਦਿੱਤੀ ਕਿ ਘੱਟ ਇੰਟਰਕੁਨੈਕਟ ਦਰਾਂ ਨਾਲ ਖਪਤਕਾਰਾਂ ਨੂੰ ਫਾਇਦਾ ਹੋਵੇਗਾ ਜਦੋਂ ਕਿ ਉੱਚੀਆਂ ਦਰਾਂ ਨਾਲ ਕੰਪਨੀਆਂ ਨੂੰ।