AI Summit 2023: ਏ.ਆਈ. ਦੇ ਭਵਿੱਖ ''ਤੇ ਸਾਰੇ ਦੇਸ਼ਾਂ ਨੇ ਮਿਲਾਇਆ ਹੱਥ, ਭਾਰਤ ਨਿਭਾਏਗਾ ਅਹਿਮ ਭੂਮਿਕਾ

Thursday, Dec 14, 2023 - 04:46 PM (IST)

ਗੈਜੇਟ ਡੈਸਕ- ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ 12 ਦਸੰਬਰ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਸ਼ਿਖਰ ਸੰਮੇਲਨ 2023 ਚੱਲ ਰਿਹਾ ਹੈ। ਇਸ ਸੰਮੇਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਸਾਰੀ ਜਨਤਾ ਨੂੰ ਸੱਦਾ ਦਿੱਤਾ ਸੀ। ਅੱਜ ਯਾਨੀ 14 ਦਸੰਬਰ ਨੂੰ ਸੰਮੇਲਨ ਦਾ ਆਖਰੀ ਦਿਨ ਸੀ। 

ਸੰਮੇਲਨ ਤੋਂ ਬਾਅਦ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਏ.ਆਈ. ਲਈ ਭਵਿੱਖ ਨੂੰ ਤੈਅ ਕਰਨ ਲਈ ਸਾਰੇ ਦੇਸ਼ਾਂ ਨੇ ਇਕੱਠੇ ਮਿਲ ਕੇ ਕੰਮ ਕਰਨ ਦੀ ਸਹਿਮਤੀ ਜਤਾਈ ਹੈ।

ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਨੇ ਫੈਸਲਾ ਲਿਆ ਹੈ ਕਿ ਏ.ਆਈ. ਦਾ ਭਵਿੱਖ ਸਮਾਵੇਸ਼ੀ ਹੋਣਾ ਚਾਹੀਦਾ ਹੈ, ਇਸਨੂੰ ਕਿਸੇ ਇਕ ਦੇਸ਼ 'ਤੇ ਨਹੀਂ ਛੱਡਣਾ ਚਾਹੀਦਾ। ਇਕੱਲੇ ਇਕ ਜਾਂ ਦੋ ਦੇਸ਼ ਮਿਲ ਕੇ ਏ.ਆਈ. ਦੇ ਭਵਿੱਖ ਨੂੰ ਆਕਾਰ ਨਹੀਂ ਦੇ ਸਕਦੇ। ਤੁਸੀਂ ਐਕਸਪੋ 'ਚ ਦੇਖ ਸਕਦੇ ਹੋ, ਭਾਰਤ 'ਚੋਂ ਸੈਂਕੜੇ ਸਟਾਰਅਪ ਹਨ ਜੋ ਪਹਿਲਾਂ ਤੋਂ ਹੀ ਦੁਨੀਆ ਨੂੰ ਇਹ ਦੱਸ ਰਹੇ ਹਨ ਕਿ ਭਾਰਤੀ ਏ.ਆਈ. ਕਿੰਨਾ ਪਰਿਪੱਕ ਹੈ। ਏ.ਆਈ. ਦੇ ਭਵਿੱਖ ਨੂੰ ਇਕ ਆਕਾਰ ਦੇਣ 'ਚ ਭਾਰਤ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਦੱਸ ਦੇਈਏ ਕਿ 8 ਦਸੰਬਰ ਨੂੰ ਹੀ ਪੀ.ਐੱਮ. ਮੋਦੀ ਨੇ ਇਸ ਸੰਮੇਲਨ ਬਾਰੇ ਜਾਣਕਾਰੀ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਅਤੇ ਲੋਕਾਂ ਨੂੰ ਸੱਦਾ ਦਿੱਤਾ ਸੀ। ਇਸ ਏ.ਆਈ. ਸਮਿਟ 'ਚ ਦੁਨੀਆ ਦੇ ਕਰੀਬ 27 ਦੇਸ਼ਾਂ ਨੇ ਹਿੱਸਾ ਲਿਆ। ਇਸਤੋਂ ਇਲਾਵਾ 150 ਤੋਂ ਜ਼ਿਆਦਾ ਸਪੀਕਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਈਵੈਂਟ 'ਚ 150 ਤੋਂ ਜ਼ਿਆਦਾ ਏ.ਆਈ. ਸਟਾਰਟਅਪ ਵੀ ਸ਼ਾਮਲ ਹੋਏ ਅਤੇ ਏ.ਆਈ. ਪ੍ਰੋਡਕਟ ਦਾ ਐਕਸਪੋ ਵੀ ਹੋਇਆ।


Rakesh

Content Editor

Related News