ਇਸ ਸਾਲ ਭਾਰਤੀ ਬਾਜ਼ਾਰ 'ਚ 10 ਨਵੇਂ ਮਾਡਲ ਪੇਸ਼ ਕਰੇਗੀ ਮਰਸਡੀਜ਼-ਬੈਂਜ਼
Saturday, Jan 07, 2023 - 05:20 PM (IST)
ਆਟੋ ਡੈਸਕ- ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਮਰਸਡੀਜ਼-ਬੈਂਜ਼ ਇਸ ਸਾਲ ਭਾਰਤ ਬਾਜ਼ਾਰ 'ਚ 10 ਨਵੇਂ ਮਾਡਲ ਪੇਸ਼ ਕਰੇਗੀ। ਇਨ੍ਹਾਂ 'ਚੋਂ ਜ਼ਿਆਦਾਤਰ ਦੀ ਕੀਮਤ 1 ਕਰੋੜ ਰੁਪਏ ਤੋਂ ਜ਼ਿਆਦਾ ਹੋਵੇਗੀ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਇਸ ਸ਼੍ਰੇਣੀ 'ਚ 69 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ।
ਮਰਸਡੀਜ਼-ਬੈਂਜ਼ ਇੰਡੀਆ ਨੇ 2022 'ਚ ਇਕ ਕਰੋੜ ਤੋਂ ਜ਼ਿਆਦਾ ਕੀਮਤ ਵਾਲੀਆਂ 3,500 ਤੋਂ ਵੱਧ ਕਾਰਾਂ ਦੀ ਵਿਕਰੀ ਕੀਤੀ। ਇਸ ਦੌਰਾਨ ਇਸਨੇ ਰਿਕਾਰਡ 15,822 ਇਕਾਈਆਂ ਵੇਚੀਆਂ। ਕੰਪਨੀ ਨੇ 2021 'ਚ 11,242 ਇਕਾਈਆਂ ਵੇਚੀਆਂ ਸਨ। ਇਸਦੀ ਪਿਛਲੀ ਸਭ ਤੋਂ ਚੰਗੀ ਵਿਕਰੀ 2018 'ਚ 15,583 ਇਕਾਈਆਂ ਰਹੀ ਸੀ। ਇਸਨੇ ਸ਼ੁੱਕਰਵਾਰ ਨੂੰ ਏ.ਐੱਮ.ਜੀ. ਈ53 4ਮੈਟਿਕ+ ਕੈਬਰੀਓਲੇਟ ਮਾਡਲ ਪੇਸ਼ ਕੀਤਾ। ਇਸਦੀ ਕੀਮਤ 1.3 ਕਰੋੜ ਰੁਪਏ ਹੈ। ਮਰਸਡੀਜ਼-ਬੈਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਸੰਤੋਸ਼ ਅਈਅਰ ਨੇ ਕਿਹਾ ਕਿ ਪਿਛਲੇ ਸਾਲ ਸਾਨੂੰ ਟਾਪ ਵ੍ਹੀਕਲਾਂ 'ਚ ਸਭ ਤੋਂ ਵੱਧ 69 ਫੀਸਦੀ ਵਾਧਾ ਮਿਲਿਆ ਸੀ।
ਕੰਪਨੀ ਦੇ ਟਾਪ-ਵਾਹਨਾਂ 'ਚ ਐੱਸ-ਕਲਾਸ ਮੇਬੈਕ, ਟਾਪ-ਐਂਡ ਏ.ਐੱਮ.ਜੀ., ਐੱਸ-ਕਲਾਸ ਅਤੇ ਜੀ. ਐੱਲ. ਐੱਸ. ਐੱਸ.ਯੂ.ਵੀ. ਸ਼ਾਮਲ ਹਨ। ਇਨ੍ਹਾਂ ਵਾਹਨਾਂ ਦੀ ਸ਼ੋਅਰੂ ਕੀਮਤ 1 ਕਰੋੜ ਰੁਪਏ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਅਸੀਂ 2023 'ਚ10 ਨਵੀਆਂ ਕਾਰਾਂ ਪੇਸ਼ ਕਰਾਂਗੇ।