OLA-Chetak ਸਭ ਨੂੰ ਮਿਲੇਗੀ ਟੱਕਰ! 200KM ਰੇਂਜ ਨਾਲ ਆ ਰਿਹੈ LML Star ਇਲੈਕਟ੍ਰਿਕ ਸਕੂਟਰ
Tuesday, Jan 07, 2025 - 05:31 PM (IST)
ਆਟੋ ਡੈਸਕ- 90 ਦੇ ਦਹਾਕੇ ਵਿੱਚ ਮਸ਼ਹੂਰ ਹੋਈ LML ਇੱਕ ਵਾਰ ਫਿਰ ਤੋਂ ਵਾਪਸੀ ਕਰਨ ਜਾ ਰਹੀ ਹੈ। ਇਸ ਵਾਰ ਕੰਪਨੀ ਇਲੈਕਟ੍ਰਿਕ ਅਵਤਾਰ 'ਚ ਵਾਪਸੀ ਕਰ ਰਹੀ ਹੈ। LML ਨੇ ਪਿਛਲੇ ਆਟੋ ਐਕਸਪੋ 'ਚ ਆਪਣੇ ਪਹਿਲੇ ਇਲੈਕਟ੍ਰਿਕ ਸਕੂਟਰ LML Star ਨੂੰ ਪੇਸ਼ ਕੀਤਾ ਸੀ। ਹੁਣ ਕੰਪਨੀ ਇਸ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। LML ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਸਨੇ ਆਪਣੇ ਆਉਣ ਵਾਲੇ ਇਲੈਕਟ੍ਰਿਕ ਸਕੂਟਰ, LML Star ਲਈ CMVR ਸਰਟੀਫਿਕੇਟ ਪ੍ਰਾਪਤ ਕਰ ਲਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਹ ਸਰਟੀਫਿਕੇਟ LML Star ਦੀ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨੂੰ ਪ੍ਰਮਾਣਿਤ ਕਰਦਾ ਹੈ, ਜੋ ਹਾਈ-ਪਰਫਾਰਮੇਂਸ ਅਤੇ ਸਸਟੇਨ ਮੋਬਿਲਿਟੀ ਨੂੰ ਦਰਸਾਉਂਦਾ ਹੈ। ਫਿਲਹਾਲ ਕੰਪਨੀ ਨੇ ਇਸ ਸਕੂਟਰ ਦੀ ਲਾਂਚ ਡੇਟ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਅਗਲੇ ਕੁਝ ਮਹੀਨਿਆਂ 'ਚ ਲਾਂਚ ਕੀਤਾ ਜਾ ਸਕਦਾ ਹੈ।
OLA-Chetak ਨੂੰ ਟੱਕਰ
ਇਲੈਕਟ੍ਰਿਕ ਟੂ-ਵ੍ਹੀਲਰ ਸੈਗਮੈਂਟ 'ਚ ਖਾਸਕਰ ਸਕੂਟਰਾਂ 'ਚ ਕਾਫੀ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਬੀਤੇ ਦਸੰਬਰ ਵਿੱਚ ਚੇਤਕ ਨੇ ਓਲਾ ਇਲੈਕਟ੍ਰਿਕ ਨੂੰ ਪਛਾੜ ਦਿੱਤਾ, ਜੋ ਵਿਕਰੀ ਦੇ ਮਾਮਲੇ ਵਿੱਚ ਸੈਗਮੈਂਟ ਲੀਡਰ ਸੀ। ਹੁਣ LML Star ਵੀ ਬਾਜ਼ਾਰ 'ਚ ਆਉਣ ਲਈ ਤਿਆਰ ਹੈ। ਮੰਨਿਆ ਜਾ ਰਿਹਾ ਹੈ ਕਿ ਆਪਣੀ ਖਾਸ ਲੁੱਕ, ਬ੍ਰਾਂਡ ਦੀ ਵਿਰਾਸਤ ਅਤੇ ਜ਼ਬਰਦਸਤ ਰੇਂਜ ਦੇ ਕਾਰਨ ਇਹ ਸਕੂਟਰ ਚੇਤਕ ਅਤੇ ਓਲਾ ਨੂੰ ਸਖਤ ਟੱਕਰ ਦੇ ਸਕਦਾ ਹੈ। ਬਸ਼ਰਤੇ ਕਿ ਸਕੂਟਰ ਸਹੀ ਕੀਮਤ 'ਤੇ ਪੇਸ਼ ਕੀਤਾ ਜਾਵੇ।
ਬੇਹਦ ਹੀ ਆਕਰਸ਼ਕ ਲੁੱਕ ਅਤੇ ਦਮਦਾਰ ਬੈਟਰੀ ਪੈਕ ਨਾਲ ਲੈਸ ਇਸ ਸਕੂਟਰ ਨੂੰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਐਡਵਾਂਸ ਅਤੇ ਮਾਡਰਨ ਲੁੱਕ ਦਿੱਤੀ ਹੈ। ਕੰਪਨੀ ਨੇ ਇਸ ਸਕੂਟਰ ਨੂੰ ਬਹੁਤ ਹੀ ਭਵਿੱਖਵਾਦੀ ਡਿਜ਼ਾਈਨ ਦਿੱਤਾ ਹੈ, ਇਸ ਵਿੱਚ ਕਈ ਅਜਿਹੇ ਫੀਚਰਜ਼ ਵੀ ਸ਼ਾਮਿਲ ਕੀਤੇ ਗਏ ਹਨ ਜੋ ਆਮ ਤੌਰ 'ਤੇ ਸਕੂਟਰ ਸੈਗਮੈਂਟ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਸਕੂਟਰ ਨੂੰ ਇਟਲੀ 'ਚ ਡਿਜ਼ਾਈਨ ਕੀਤਾ ਗਿਆ ਹੈ, ਇਸ 'ਚ LED ਡੇ-ਟਾਈਮ ਰਨਿੰਗ ਲਾਈਟਾਂ ਦੇ ਨਾਲ-ਨਾਲ ਫਰੰਟ 'ਤੇ 360 ਡਿਗਰੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਪ੍ਰੋਜੈਕਟਰ ਹੈੱਡਲੈਂਪਸ ਨੂੰ ਬਹੁਤ ਹੀ ਆਕਰਸ਼ਕ ਤਰੀਕੇ ਨਾਲ ਲਗਾਇਆ ਹੈ।
ਬਲੈਕ-ਬਾਕਸ ਦੀ ਤਰ੍ਹਾਂ ਕੰਮ ਕਰਦਾ ਹੈ ਕੈਮਰਾ
ਇਸ 'ਚ ਦਿੱਤਾ ਗਿਆ ਕੈਮਰਾ ਸਕੂਟਰ ਲਈ ਬਲੈਕ ਬਾਕਸ ਦੀ ਤਰ੍ਹਾਂ ਕੰਮ ਕਰਦਾ ਹੈ, ਜੋ ਡਰਾਈਵਿੰਗ ਦੌਰਾਨ ਅੱਗੇ ਅਤੇ ਪਿੱਛੇ ਹੋਣ ਵਾਲੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦਾ ਹੈ। ਫੀਚਰਜ਼ ਦੇ ਤੌਰ 'ਤੇ ਇਸ ਵਿਚ ਐਂਬੀਐਂਡ ਲਾਈਟਿੰਗ, ਇੰਟੀਗ੍ਰੇਟਿਡ ਡੀਆਰਐੱਲ, ਬੈਕ ਲਾਈਟ ਅਤੇ ਇੰਡੀਕੇਟਰਸ ਦਿੱਤੇ ਗਏ ਹਨ। ਸੇਫਟੀ ਲਈ LML Star 'ਚ ਏਬੀਐੱਸ, ਰਿਵਰਸ ਪਾਰਕ ਅਸਿਸਟ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (TPMS) ਅਤੇ ਹੋਰ ਬਹੁਤ ਕੁਝ ਦਿੱਤਾ ਗਿਆ ਹੈ।
ਇਹ ਸਕੂਟਰ ਦਮਦਾਰ ਮੋਟਰ ਅਤੇ ਬੈਟਰੀ ਦੇ ਸੁਮੇਲ ਨਾਲ ਆਉਂਦਾ ਹੈ, ਇਸਦੀ ਰਿਮੂਵੇਬਲ ਬੈਟਰੀ ਫੁੱਟਬੋਰਡ 'ਤੇ ਲੱਗੀ ਹੁੰਦੀ ਹੈ, ਜਿਸ ਨਾਲ ਤੁਹਾਨੂੰ ਸੀਟ ਦੇ ਹੇਠਾਂ ਕਾਫੀ ਸਟੋਰੇਜ ਸਪੇਸ ਮਿਲਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਸੀਟ ਦੇ ਹੇਠਾਂ ਦੋ ਫੁੱਲ ਫੇਸ ਹੈਲਮੇਟ ਰੱਖੇ ਜਾ ਸਕਦੇ ਹੋ।
ਸਿੰਗਲ ਚਾਰਜ 'ਚ 200 ਕਿਲੋਮੀਟਰ ਦੀ ਰੇਂਜ
LML Star ਦੀ ਇਲੈਕਟ੍ਰਿਕ ਮੋਟਰ 5.87 kW ਦਾ ਪੀਕ ਪਾਵਰ ਆਊਟਪੁਟ ਦਿੰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਕੂਟਰ ਸਿੰਗਲ ਚਾਰਜ 'ਚ 200 ਕਿਲੋਮੀਟਰ ਦੀ ਰੇਂਜ ਦੇਵੇਗਾ। ਪਿਕਅਪ ਦੇ ਮਾਮਲੇ 'ਚ ਵੀ ਇਹ ਸਕੂਟਰ ਕਾਫੀ ਸ਼ਾਨਦਾਰ ਹੈ। ਡਿਊਲ-ਟੋਨ ਬਾਡੀ, 14-ਇੰਚ ਦੇ ਪਹੀਏ 'ਤੇ ਆਉਣ ਵਾਲਾ ਇਹ ਸਕੂਟਰ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕੇਗਾ।