ਬਾਬਾ ਰਾਮਦੇਵ ਦੀ Kimbho App ਵਾਪਸੀ ਲਈ ਤਿਆਰ

Friday, Jun 08, 2018 - 05:33 PM (IST)

ਬਾਬਾ ਰਾਮਦੇਵ ਦੀ Kimbho App ਵਾਪਸੀ ਲਈ ਤਿਆਰ

ਜਲੰਧਰ— ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੁਆਰਾ ਵਟਸਐਪ ਨੂੰ ਟੱਕਰ ਦੇਣ ਲਈ ਲਾਂਚ ਕੀਤੀ ਗਈ ਸਵਦੇਸ਼ੀ ਐਪ ਕਿੰਭੋ ਵਾਪਸੀ ਲਈ ਤਿਆਰ ਹੈ। ਪਤੰਜਲੀ ਦੀ ਕਿੰਭੋ ਐਪ ਹੁਣ ਪੂਰੀ ਤਿਆਰੀ ਨਾਲ ਦੁਬਾਰਾ ਲਾਂਚ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਕਿੰਭੋ ਐਪ ਨੂੰ ਪਿਛਲੇ ਮਹੀਨੇ ਦੇ ਅੰਤ 'ਚ ਲਾਂਚ ਕੀਤਾ ਗਿਆ ਸੀ ਪਰ ਐਪ 'ਚ ਆਈ ਪਰੇਸ਼ਾਨੀ ਅਤੇ ਵਿਵਾਦਾਂ ਤੋਂ ਬਾਅਦ ਪਤੰਜਲੀ ਨੇ ਗੂਗਲ ਪਲੇਅ ਸਟੋਰ ਤੋਂ ਐਪ ਨੂੰ ਹਟਾ ਲਿਆ ਸੀ। ਖਰਾਬ ਇੰਟਰਫੇਸ ਅਤੇ ਸਕਿਓਰਿਟੀ 'ਚ ਖਾਮੀ ਤੋਂ ਬਾਅਦ ਐਪ ਦੀ ਸਖਤ ਆਲੋਚਨਾ ਹੋਈ ਸੀ। ਪਲੇਅ ਸਟੋਰ ਤੋਂ ਹਟਾਏ ਜਾਣ ਤੋਂ ਬਾਅਦ ਕਿੰਭੋ ਦੀ ਵੈੱਬਸਾਈਟ ਵੀ ਉਪਲੱਬਧ ਨਹੀਂ ਸੀ। 
ਪਤੰਜਲੀ ਦੀ ਯੋਜਨਾ ਕੁਝ ਹਫਤਿਆਂ ਦੇ ਅੰਦਰ ਹੀ ਕਿੰਭੋ ਨੂੰ ਦੁਬਾਰਾ ਲਾਂਚ ਕਰਨ ਦੀ ਹੈ ਪਰ ਉਸ ਤੋਂ ਪਹਿਲਾਂ ਕੰਪਨੀ ਵਿਰੋਧੀ ਐਪਸ ਲਈ ਕਿੰਭੋ ਨੂੰ ਪੂਰੀ ਤਰ੍ਹਾਂ ਸਮਰੱਥ ਬਣਾਉਣਾ ਚਾਹੁੰਦੀ ਹੈ। ਬਲੂਮਬਰਗ ਨੂੰ ਦਿੱਤੇ ਇਕ ਇੰਟਰਵਿਊ 'ਚ ਅਚਾਰੀਆ ਬਾਲਕ੍ਰਿਸ਼ਣ ਨੇ ਕਿਹਾ ਕਿ ਅਸੀਂ ਐਪ ਨੂੰ ਉਦੋਂ ਤਕ ਲਾਂਚ ਨਹੀਂ ਕਰਾਂਗੇ ਜਦੋਂ ਤਕ ਕਿ ਸਕਿਓਰਿਟੀ ਸਪੈਸ਼ਲਿਸ਼ਟ ਅਤੇ ਹੈਕਰਸ ਦੀ ਇਕ ਮਾਹਿਰ ਟੀਮ ਸਕਿਓਰਿਟੀ ਅਤੇ ਪ੍ਰਾਈਵੇਸੀ ਨਾਲ ਜੁੜੀਆਂ ਸਾਰੀਆਂ ਗੜਬੜੀਆਂ ਨੂੰ ਖਤਮ ਨਾ ਕਰ ਦੇਵੇ। 
ਜ਼ਿਕਰਯੋਗ ਹੈ ਕਿ ਲਾਂਚ ਹੋਣ ਦੇ ਨਾਲ ਹੀ ਕਿੰਭੋ ਐਪ 'ਤੇ ਇਕ ਦੂਜੀ ਐਪ ਦੀ ਨਕਲ ਕਰਨ ਦਾ ਦੋਸ਼ ਲੱਗਾ ਸੀ। ਇਸ ਤੋਂ ਇਲਾਵਾ ਇਕ ਫਰੈਂਚ ਹੈਕਰ ਨੇ ਕਿੰਭੋ ਯੂਜ਼ਰਸ ਦੀ ਸਾਰੀ ਚੈਟ ਪੜ੍ਹਨ ਦਾ ਵੀ ਦਾਅਵਾ ਕੀਤਾ ਸੀ ਅਤੇ ਕਿੰਭੋ ਐਪ ਨੂੰ 'ਸਕਿਓਰਿਟੀ ਡਿਜਾਸਟਰ' ਦੱਸਾ ਸੀ। ਇਸ ਤੋਂ ਬਾਅਦ ਕਿੰਭੋ ਐਪ ਨੇ ਟਵੀਟ ਕਰਕੇ ਦੱਸਿਆ ਕਿ ਸਾਨੂੰ ਕਿੰਭੋ ਐਪ 'ਤੇ ਜ਼ਿਆਦਾ ਟ੍ਰੈਫਿਕ ਮਿਲ ਰਹੀ ਹੈ। ਅਸੀਂ ਸਰਵਰ ਨੂੰ ਅਪਗ੍ਰੇਡ ਕਰਨ ਦੀ ਪ੍ਰਕਿਰਿਆ 'ਚ ਹਾਂ। ਅਸੁਵਿਧਾ ਲਈ ਖੇਦ ਹੈ। ਸਾਡੇ ਨਾਲ ਬਣੇ ਰਹੋ। ਐਪ ਦੀ ਟੈਗਲਾਈਨ ਹੈ- ਹੁਣ ਭਾਰਤ ਬੋਲੇਗਾ। 
ਲਾਂਚ ਸਮੇਂ ਪਤੰਜਲੀ ਦੇ ਬੁਲਾਰੇ ਐੱਸ.ਕੇ. ਤਿਜਾਰਾਵਾਲਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਹੁਣ ਭਾਰਤ ਬੋਲੇਗਾ। ਸਿਮ ਕਾਰਡ ਲਾਂਚ ਕਰਨ ਤੋਂ ਬਾਅਦ ਬਾਬਾ ਰਾਮਦੇਵ ਨੇ ਨਵੀਂ ਮੈਸੇਜਿੰਗ ਐਪ ਕਿੰਭੋ ਲਾਂਚ ਕੀਤੀ ਹੈ। ਹੁਣ ਵਟਸਐਪ ਨੂੰ ਟੱਕਰ ਮਿਲੇਗੀ। ਸਾਡਾ ਆਪਣਾ ਸਵਦੇਸ਼ੀ ਮੈਸੇਜਿੰਗ ਪਲੇਟਫਾਰਮ। ਇਸ ਨੂੰ ਸਿੱਧਾ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।


Related News