ਜਲਦ ਬਾਜ਼ਾਰ ’ਚ ਆ ਸਕਦੈ JioBook ਲੈਪਟਾਪ, AGM 2022 ’ਚ ਹੋਇਆ ਸੀ ਐਲਾਨ
09/01/2022 2:31:08 PM

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀ ਲਿਮਟਿਡ ਨੇ 45ਵੀਂ ਸਾਲਾਨਾ ਆਮ ਬੈਠਕ ’ਚ ਜੀਓ 5ਜੀ ਸੇਵਾਵਾਂ ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦੀਵਾਲੀ ’ਤੇ ਭਾਰਤ ’ਚ 5ਜੀ ਸੇਵਾਵਾਂ ਨੂੰ ਸ਼ੁਰੂ ਕਰਨ ਵਾਲੀ ਹੈ। AGM 2022 ’ਚ ਕੰਪਨੀ ਨੇ ਕਈ ਐਲਾਨ ਕੀਤੇ ਸਨ ਜਿਨ੍ਹਾਂ ’ਚ ਜੀਓ ਵੱਲੋਂ ਆਉਣ ਵਾਲਾ ਲੈਪਟਾਪ JioBook ਵੀ ਸ਼ਾਮਲ ਹੈ। ਕੰਪਨੀ ਇਸ ਲੈਪਟਾਪ ਨੂੰ ਜਲਦ ਲਾਂਚ ਕਰ ਸਕਦੀ ਹੈ।
ਲਾਂਚਿੰਗ ਤੋਂ ਪਹਿਲਾਂ ਹੀ ਇਸ ਲੈਪਟਾਪ ਦੇ ਕਈ ਫੀਚਰਜ਼ ਵੀ ਲੀਕ ਹੋ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਲੈਪਟੈਪ ਨੂੰ 30,000 ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਜਾ ਸਕਦਾ ਹੈ। ਜੀਓ ਬੁੱਕ ਲੈਪਟਾਪ ਦੇ ਨਾਲ ਹੀ ਕੰਪਨੀ 5ਜੀ ਕੁਨੈਕਟੀਵਿਟੀ ਵਾਲੇ ਸਮਾਰਟਫੋਨ ਨੂੰ ਵੀ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।
JioBook ਲੈਪਟਾਪ ਦੇ ਸੰਭਾਵਿਤ ਫੀਚਰਜ਼
ਦੱਸ ਦੇਈਏ ਕਿ JioBook ਲੈਪਟਾਪ ਨੂੰ ਬਿਊਰੋ ਆਫ ਇੰਡੀਆ ਸਟੈਂਡਰਡਜ਼ ਦੀ ਵੈੱਬਸਾਈਟ ਅਤੇ ਬੈਂਚਮਾਰਕ ਸਾਈਟ ਗੀਕਬੈਂਚ ’ਤੇ ਵੀ ਵੇਖਿਆ ਗਿਆ ਹੈ। ਲੀਕਸ ਮੁਤਾਬਕ, ਲੈਪਟਾਪ ਨੂੰ ਪਲਾਸਟਿਕ ਬਾਡੀ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਲੈਪਟਾਪ ਦੀ ਇਕ ਵੀਡੀਓ ਵੀ ਲੀਕ ਹੋਈ ਸੀ, ਜਿਸ ਵਿਚ ਲੈਪਟਾਪ ਦੇ ਬੈਕ ਪੈਨਲ ’ਚ ਜੀਓ ਦਾ ਲੋਗੋ ਵੀ ਵਿਖਾਇਆ ਗਿਆ ਸੀ।
ਜੀਓ ਬੁੱਕ ਦੇ ਸੰਭਾਵਿਤ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਲੈਪਟਾਪ ’ਚ 1366x768 ਪਿਕਸਲ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਮਿਲੇਗੀ। ਲੈਪਟਾਪ ’ਚ ਕੁਆਲਕਾਮ ਦਾ ਪ੍ਰੋਸੈਸਰ ਅਤੇ 4 ਜੀ.ਬੀ. ਤਕ ਦੀ LPDDR4X ਰੈਮ ਦੇ ਨਾਲ 64 ਜੀ.ਬੀ. ਤਕ ਦੀ eMMC 5.1 ਸਟੋਰੇਜ ਮਿਲ ਸਕਦੀ ਹੈ। ਇਸ ਲੈਪਟਾਪ ਨੂੰ ਐਂਡਰਾਇਡ ਆਪਰੇਟਿੰਗ ਸਿਸਟਮ ਅਤੇ ਵਿੰਡੋਜ਼ 10 ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਕੁਨੈਕਟੀਵਿਟੀ ਲਈ ਲੈਪਟਾਪ ’ਚ HDMI ਪੋਰਟ, ਡਿਊਲ ਬੈਂਡ ਵਾਈ-ਫਾਈ ਅਤੇ ਬਲੂਟੁੱਥ ਦਾ ਸਪੋਰਟ ਮਿਲ ਸਕਦਾ ਹੈ।