ਮਹਿੰਗੇ ਪਲਾਨ ਨਾਲ Jio ਨੂੰ ਹੋਇਆ ਵੱਡਾ ਨੁਕਸਾਨ, 1 ਮਹੀਨੇ ’ਚ 1.29 ਕਰੋੜ ਗਾਹਕਾਂ ਨੇ ਛੱਡਿਆ ਸਾਥ

02/18/2022 1:09:31 PM

ਨਵੀਂ ਦਿੱਲੀ– ਅਰਬਪਤੀ ਮੁਕੇਸ਼ ਅੰਬਾਨੀ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਤੋਂ ਹੁਣ ਖਪਤਕਾਰਾਂ ਦਾ ਮੋਹ ਭੰਗ ਹੋਣ ਲੱਗਾ ਹੈ ਕਿਉਂਕਿ ਦਸੰਬਰ 2021 ’ਚ ਉਸ ਦੇ 1.29 ਕਰੋੜ ਖਪਤਕਾਰਾਂ ਨੇ ਸੇਵਾਵਾਂ ਬੰਦ ਕਰ ਦਿੱਤੀਆਂ ਅਤੇ ਇਸ ਦੌਰਾਨ ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਦੇ ਖਪਤਕਾਰਾਂ ਦੀ ਗਿਣਤੀ 11.66 ਲੱਖ ਵਧੀ ਹੈ।

ਦੂਰਸੰਚਾਰ ਰੈਗੂਲੇਟਰ ਟ੍ਰਾਈ ਵਲੋਂ ਅੱਜ ਜਾਰੀ ਦਸੰਬਰ ਮਹੀਨੇ ਦੇ ਖਪਤਕਾਰਾਂ ਦੇ ਅੰਕੜਿਆਂ ਮੁਤਾਬਕ ਇਸ ਮਹੀਨੇ ’ਚ ਜੀਓ ਦੇ ਸਭ ਤੋਂ ਵੱਧ 12901812 ਖਪਤਕਾਰਾਂ ਨੇ ਸੇਵਾਵਾਂ ਬੰਦ ਕੀਤੀਆਂ ਹਨ। ਇਸ ਤੋਂ ਬਾਅਦ ਵੋਡਾਫੋਨ ਆਈਡੀਆ ਦੇ ਵੀ 1614710 ਖਪਤਕਾਰ ਘੱਟ ਹੋਏ ਹਨ। ਇਸ ਦੌਰਾਨ ਐੱਮ. ਟੀ. ਐੱਨ. ਐੱਲ. ਦੇ ਵੀ 3565 ਖਪਤਕਾਰ ਘੱਟ ਹੋ ਗਏ ਜਦ ਕਿ ਬੀ. ਐੱਸ. ਐੱਨ. ਐੱਲ. ਨੇ 1166692 ਖਪਤਕਾਰਾਂ ਨੂੰ ਜੋੜਿਆ ਹੈ। ਭਾਰਤੀ ਏਅਰਟੈੱਲ ਨੇ ਵੀ 475081 ਨਵੇਂ ਖਪਤਕਾਰ ਜੋੜੇ ਹਨ। ਇਸ ਤਰ੍ਹਾਂ ਦਸੰਬਰ ’ਚ ਮੋਬਾਇਲ ਫੋਨ ਧਾਰਕਾਂ ਦੀ ਕੁੱਲ ਗਿਣਤੀ 12.88 ਕਰੋੜ ਘਟ ਕੇ 115.46 ਕਰੋੜ ਰਹੀ ਹੈ। ਪ੍ਰਤੀ ਮਹੀਨਾ ਆਧਾਰ ’ਤੇ ਇਸ ’ਚ 1.10 ਫੀਸਦੀ ਦੀ ਕਮੀ ਆਈ ਹੈ। 

ਦਸੰਬਰ ਮਹੀਨੇ ’ਚ ਖਪਤਕਾਰਾਂ ਦੀ ਗਿਣਤੀ ’ਚ ਕਮੀ ਆਉਣ ਨਾਲ ਜੀਓ ਦੇ ਗਾਹਕਾਂ ਦੀ ਕੁੱਲ ਗਿਣਤੀ ਘਟ ਕੇ 41.57 ਕਰੋੜ ’ਤੇ ਆ ਗਈ ਜਦ ਕਿ ਏਅਰਟੈੱਲ ਦੇ ਖਪਤਕਾਰਾਂ ਦੀ ਗਿਣਤੀ ਵਧ ਕੇ 35.57 ਕਰੋੜ ਹੋ ਗਈ ਹੈ। ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ ਘਟ ਕੇ 26.55 ਕਰੋੜ ਰਹਿ ਗਈ ਹੈ।


Rakesh

Content Editor

Related News