20 ਲੱਖ ਗਾਹਕਾਂ ਨੇ ਛੱਡਿਆ ਵੋਡਾਫੋਨ-ਆਈਡੀਆ ਦਾ ਸਾਥ, ਏਅਰਟੈੱਲ-ਜੀਓ ਨੂੰ ਹੋਇਆ ਫਾਇਦਾ

05/12/2023 4:20:15 PM

ਗੈਜੇਟ ਡੈਸਕ- ਰਿਲਾਇੰਸ ਜੀਓ ਅਤੇ ਏਅਰਟੈੱਲ ਨੂੰ ਫਰਵਰੀ ਮਹੀਨੇ 'ਚ ਕਾਫੀ ਫਾਇਦਾ ਹੋਇਆ ਹੈ। ਇਸ ਸਮਾਂ ਮਿਆਦ 'ਚ ਏਅਰਟੈੱਲ ਅਤੇ ਜੀਓ ਨੂੰ 19.8 ਲੱਖ ਨਵੇਂ ਮੋਬਾਇਲ ਗਾਹਕ ਮਿਲੇ ਹਨ, ਜਦਕਿ ਵੋਡਾਫੋਨ-ਆਈਡੀਆ ਨੂੰ 20 ਲੱਖ ਗਾਹਕਾਂ ਦਾ ਨੁਕਸਾਨ ਹੋਇਆ ਹੈ। ਫਰਵਰੀ ਮਹੀਨੇ 'ਚ 20 ਲੱਖ ਮੋਬਾਇਲ ਗਾਹਕਾਂ ਨੇ ਵੋਡਾਫੋਨ-ਆਈਡੀਆ ਦਾ ਸਾਥ ਛੱਡਿਆ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੀ ਨਵੀਂ ਰਿਪੋਰਟ ਤੋਂ ਇਸਦੀ ਜਾਣਕਾਰੀ ਮਿਲੀ ਹੈ।

ਇਸ ਦੌਰਾਨ ਸਭ ਤੋਂ ਜ਼ਿਆਦਾ ਫਾਇਦਾ ਜੀਓ ਨੂੰ ਹੋਇਆ ਹੈ। ਫਰਵਰੀ 2023 'ਚ ਜੀਓ ਦੇ ਨੈੱਟਵਰਕ ਨਾਲ 10 ਲੱਖ ਨਵੇਂ ਗਾਹਕ ਜੁੜੇ ਹਨ ਜਿਸਤੋਂ ਬਾਅਦ ਕੰਪਨੀ ਦੇ ਕੁੱਲ ਗਾਹਕਾਂ ਦੀ ਗਿਣਤੀ 42.71 ਕਰੋੜ ਪਹੁੰਚ ਗਈ ਹੈ। ਜਨਵਰੀ 'ਚ ਜੀਓ ਦੇ ਕੁਲ ਗਾਹਕ 42.61 ਕਰੋੜ ਸਨ।

ਫਰਵਰੀ ਮਹੀਨੇ 'ਚ ਏਅਰਟੈੱਲ ਨੂੰ 9.82 ਲੱਖ ਨਵੇਂ ਮੋਬਾਇਲ ਗਾਹਕ ਮਿਲੇ ਹਨ ਜਿਸਤੋਂ ਬਾਅਦ ਕੰਪਨੀ ਦੇ ਕੁਲ ਗਾਹਕਾਂ ਦੀ ਗਿਣਤੀ 36.98 ਕਰੋੜ ਪਹੁੰਚ ਗਈ ਹੈ। ਉਥੇ ਹੀ ਵੋਡਾਫੋਨ-ਆਈਡੀਆ ਨੂੰ 20 ਲੱਖ ਗਾਹਕਾਂ ਨੇ ਅਲਵਿਦਾ ਕਿਹਾ ਹੈ। ਹੁਣ ਵੋਡਾਫੋਨ-ਆਈਡੀਆ ਕੋਲ 23.79 ਕਰੋੜ ਗਾਹਕ ਬਚੇ ਹਨ। 

ਦੇਸ਼ 'ਚ ਕੁਲ ਬ੍ਰਾਡਬੈਂਡ ਸਬਸਕ੍ਰਾਈਬਰਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਹੁਣ ਇਨ੍ਹਾਂ ਦੀ ਗਿਣਤੀ 839.33 ਮਿਲੀਅਨ ਹੋ ਗਈ ਹੈ। ਇਸਵਿਚ ਵੀ ਜੀਓ ਦਾ ਦਬਦਬਾ ਹੈ। ਜੀਓ ਕੋਲ 435.20 ਮਿਲੀਅਨ, ਏਅਰਟੈੱਲ ਕੋਲ 239.70 ਮਿਲੀਅਨ, ਵੋਡਾਫੋਨ-ਆਈਡੀਆ ਕੋਲ 123.74 ਮਿਲੀਅਨ, BSNL ਕੋਲ 24.92 ਮਿਲੀਅਨ ਅਤੇ Atria Convergence ਕੋਲ 2.14 ਮਿਲੀਅਨ ਸਬਸਕ੍ਰਾਈਬਰ ਹਨ। ਕੁਲ ਮਿਲਾ ਕੇ ਦੇਸ਼ 'ਚ ਵਾਇਰਲੈੱਸ ਸਬਸਕ੍ਰਾਈਬਰਾਂ ਦੀ ਗਿਣਤੀ 'ਚ ਕਮੀ ਹੋਈ ਹੈ। ਜਨਵਰੀ 'ਚ ਇਨ੍ਹਾਂ ਦੀ ਗਿਣਤੀ 114. 3 ਕਰੋੜ ਸੀ ਜੋ ਕਿ ਫਰਵਰੀ ਦੇ ਅੰਤ ਤਕ 114.1 ਕਰੋੜ ਪਹੁੰਚ ਗਈ।


Rakesh

Content Editor

Related News