ਲਾਂਚ ਤੋਂ ਪਹਿਲਾਂ ਸਾਹਮਣੇ ਆਈ ਆਈਫੋਨ 7 ਦੀ ਕੀਮਤ
Wednesday, Aug 31, 2016 - 05:24 PM (IST)

ਜਲੰਧਰ- ਐਪਲ ਆਈਫੋਨ 7 ਅਤੇ ਆਈਫੋਨ 7 ਪਲੱਸ ਦੀ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਸਮਾਰਟਫੋਨ 7 ਸਤੰਬਰ ਨੂੰ ਲਾਂਚ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਆਈਫੋਨ 7 ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਨਵੀਂ ਜਾਣਕਾਰੀ ਇਸ ਹੈਂਡਸੈੱਟ ਦੀ ਕੀਮਤ ਨੂੰ ਲੈ ਕੇ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਇਕ ਵਾਰ ਫਿਰ ਸਪੇਸ ਬਲੈਕ ਕਲਰ ਵੇਰੀਅੰਟ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ।
ਫੋਨਰਡਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਆਈਫੋਨ 7 ਦੇ 32ਜੀ.ਬੀ., 128ਜੀ.ਬੀ. ਅਤੇ 256ਜੀ.ਬੀ. ਸਟੋਰੇਜ ਵੇਰੀਅੰਟ ਦੀ ਕੀਮਤ ਦੀ ਜਾਣਕਾਰੀ ਮਿਲੀ ਹੈ। ਚੀਨ ''ਚ ਆਈਫੋਨ 7 ਦੀ ਕੀਮਤ 5,288 ਚੀਨੀ ਯੁਆਨ (ਕਰੀਬ 53,100 ਰੁਪਏ), 6,088 ਚੀਨੀ ਯੁਆਨ (ਕਰੀਬ 61,200 ਰੁਪਏ) ਅਤੇ 7,088 ਚੀਨੀ ਯੁਆਨ (ਕਰੀਬ 71,300 ਰੁਪਏ) ਹੋਵੇਗੀ। ਆਈਫੋਨ 7 ਪਲੱਸ ਦੀ ਕੀਮਤ 6,088 ਚੀਨੀ ਯੁਆਨ (ਕਰੀਬ 61,200 ਰੁਪਏ), 6,888 ਚੀਨੀ ਯੁਆਨ (ਕਰੀਬ 69,200 ਰੁਪਏ) ਅਤੇ 7,888 ਚੀਨੀ ਯੁਆਨ (ਕਰੀਬ 79,300 ਰੁਪਏ) ਹੋਣ ਦਾ ਦਾਅਵਾ ਕੀਤਾ ਗਿਆ ਹੈ।
ਜਪਾਨੀ ਵੈੱਬਸਾਈਟ ਮਾਕੋਟਕਾਰਾ ''ਤੇ ਅਗਲੇ ਆਈਫੋਨ ਦੇ ਸਾਰੇ ਕਲਰ ਵੇਰੀਅੰਟ ਦੇ ਸਿਮ ਟ੍ਰੇ ਦੀ ਝਲਕ ਦੇਖਣ ਨੂੰ ਮਿਲੀ ਹੈ। ਹੋਰ ਕਲਰ ਵੇਰੀਅੰਟ ਦੇ ਨਾਲ ਸਪੇਸ ਬਲੈਕ ਕਲਰ ਵੇਰੀਅੰਟ ਵੀ ਨਜ਼ਰ ਆ ਰਿਹਾ ਹੈ। ਹਾਲਾਂਕਿ ਰਿਪੋਰਟ ''ਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਸਪੇਸ ਗ੍ਰੇ ਕਲਰ ਵੇਰੀਅੰਟ ਨੂੰ ਫਿਲਹਾਲ ਬੰਦ ਨਹੀਂ ਕਰਨ ਜਾ ਰਹੀ ਹੈ।
ਧਿਆਨ ਰਹੇ ਕਿ ਇਸ ਇਵੈਂਟ ''ਚ ਐਪਲ ਦੇ ਨਵੇਂ ਆਈਫੋਨ ਮਾਡਲ, ਐਪਲ ਵਾਚ 2 ਨੂੰ ਲਾਂਚ ਕੀਤੇ ਜਾਣ ਦੇ ਨਾਲ ਆਈ.ਓ.ਐੱਸ. 10 ਦੇ ਰੋਲ ਆਊਟ ਦੀ ਜਾਣਕਾਰੀ ਮਿਲਣ ਦੀ ਉਮੀਦ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐਪਲ ਨੇ ਸਾਰੇ ਵੱਡੇ ਬਦਲਾਅ ਨੂੰ ਅਗਲੇ ਸਾਲ ਲਈ ਰੋਕ ਲਿਆ ਹੈ ਜਦੋਂ ਉਹ ਆਪਣੀ 10ਵੀਂ ਵਰ੍ਹੇਗੰਢ ਮਨਾਏਗੀ।