Instagram ਦੇ ਨਵੇਂ ਫੀਚਰ ਨਾਲ ਹੁਣ ਚੁਟਕੀਆਂ 'ਚ ਬਣਾ ਸਕੋਗੇ AI ਵੀਡੀਓ
Friday, Dec 20, 2024 - 05:25 PM (IST)
ਗੈਜੇਟ ਡੈਸਕ- ਇੰਸਟਾਗ੍ਰਾਮ ਇਕ ਨਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਯੂਜ਼ਰਜ਼ ਨੂੰ ਉਨ੍ਹਾਂ ਦੀ ਵੀਡੀਓ ਨੂੰ ਨਵੇਂ ਅੰਦਾਜ਼ 'ਚ ਪੇਸ਼ ਕਰਨ ਦਾ ਮੌਕਾ ਦੇਵੇਗਾ। ਇਹ ਏ.ਆਈ.-ਪਾਵਰਡ ਵੀਡੀਓ ਐਡੀਟਿੰਗ ਟੂਲ ਮੈਟਾ ਦੇ ਮੂਵੀ ਜੈਨ ਏ.ਆਈ. ਮਾਡਲ 'ਤੇ ਆਧਾਰਿਤ ਹੈ। ਇਹ ਇਕ ਸ਼ੁਰੂਆਤੀ ਰਿਸਰਚ ਪ੍ਰੋਜੈਕਟ ਹੈ, ਜੋ ਟੈਕਸਟ ਪ੍ਰੋਮਟ ਰਾਹੀਂ ਵੀਡੀਓ ਤਿਆਰ ਕਰ ਸਕਦੀ ਹੈ, ਹਾਲਾਂਕਿ, ਇੰਸਟਾਗ੍ਰਾਮ 'ਤੇ ਇਹ ਫੀਚਰ ਯੂਜ਼ਰਜ਼ ਨੂੰ ਵੀਡੀਓ ਬਣਾਉਣ ਦੀ ਬਜਾਏ ਉਨ੍ਹਾਂ ਦੀ ਮੌਜੂਦਾ ਵੀਡੀਓ 'ਚ ਬਦਲਾਅ ਕਰਨ ਦੀ ਸਹੂਲਤ ਦੇਵੇਗਾ।
AI ਵੀਡੀਓ ਐਡੀਟਿੰਗ : ਹੁਣ ਬਦਲੇਗੀ ਵੀਡੀਓ ਦੀ ਸ਼ਕਲ
- ਪਹਿਰਾਵੇ (ਆਊਟਫਿਟਸ) ਨੂੰ ਬਦਲਣਾ
- ਬੈਕਗ੍ਰਾਊਂਡ ਨੂੰ ਐਡਿਟ ਕਰਨਾ
- ਇਥੋਂ ਤਕ ਕਿ ਆਪਣੀ ਲੁੱਕ ਨੂੰ ਪੂਰੀ ਤਰ੍ਹਾਂ ਬਦਲਣਾ
ਇੰਸਟਾਗ੍ਰਾਮ ਹੈੱਡ ਨੇ ਦਿਖਾਈ ਝਲਕ
ਇੰਸਟਾਗ੍ਰਾਮ ਦੇ ਹੈੱਡ ਐਡਮ ਮੋਸੇਰੀ ਨੇ ਇਕ ਰੀਲ ਰਾਹੀਂ ਇਸ ਏ.ਆਈ. ਫੀਚਰ ਦੀ ਝਲਕ ਪੇਸ਼ ਕੀਤੀ ਹੈ। ਇਸ ਇਕ ਮਿੰਟ ਦੀ ਵੀਡੀਓ 'ਚ ਉਨ੍ਹਾਂ ਨੇ ਦਿਖਾਇਆ ਕਿ ਇਹ ਫੀਚਰ ਕਿਵੇਂ ਕੰਮ ਕਰਦਾ ਹੈ। ਮੋਸੇਰੀ ਨੇ ਦੱਸਿਆ ਕਿ ਇਹ ਟੂਲ ਅਜੇ ਵਿਕਾਸ ਦੇ ਪੜਾਅ 'ਚ ਹੈ ਅਤੇ ਇਸ ਨੂੰ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ।
ਰੀਲ 'ਚ ਦੇਖਿਆ ਗਿਆ ਹੈ ਕਿ ਇਹ ਟੂਲ ਮੋਸੇਰੀ ਦੇ ਕੱਪੜਿਆਂ ਨੂੰ ਬਦਲ ਸਕਦਾ ਹੈ, ਉਨ੍ਹਾਂ ਦੇ ਗਲੇ 'ਚ ਇਕ ਸੋਨੇ ਦੀ ਚੈਨ ਜੋੜ ਸਕਦਾ ਹੈ ਅਤੇ ਬੈਕਗ੍ਰਾਊਂਡ 'ਚ ਸਵਿਮਿੰਗ ਪੂਲ 'ਚ ਖੇਡਦੇ ਹੋਏ ਇਕ ਹਿੱਪੋਟੇਮਸ ਨੂੰ ਜੋੜ ਸਕਦਾ ਹੈ। ਇਸ ਤੋਂ ਇਲਾਵਾ ਟੂਲ ਨੇ ਇਹ ਵੀ ਦਿਖਾਇਆ ਕਿ ਮੋਸੇਰੀ ਨੂੰ ਬਰਫੀਲੇ ਪਹਾੜਾਂ ਦੇ ਕੋਲ ਜਾਂ ਰੇਗਿਸਤਾਨ 'ਚ ਬਿਠਾਉਣ ਵਰਗੇ ਪ੍ਰਭਾਵ ਕਿਵੇਂ ਬਣਾਏ ਜਾ ਸਕਦੇ ਹਨ।
ਇੰਝ ਕੰਮ ਕਰੇਗਾ ਇਹ ਟੂਲ
ਮੋਸੇਰੀ ਨੇ ਦੱਸਿਆ ਕਿ ਇਹ ਨਵਾਂ ਏ.ਆਈ. ਫੀਚਰ ਮੂਵੀ ਜੈਨ ਦੇ ਸਹੀ ਵੀਡੀਓ ਐਡੀਟਿੰਗ ਫੀਚਰ 'ਤੇ ਆਧਾਰਿਤ ਹੋਵੇਗਾ। ਇਹ ਮਾਡਲ ਵੀਡੀਓ 'ਚ ਸਥਾਨਕ (ਲੋਕਲਾਈਜ਼ਡ) ਬਦਲਾਅ ਕਰ ਸਕਦਾ ਹੈ, ਜਿਵੇਂ ਕਿਸੇ ਕੰਟੈਂਟ ਨੂੰ ਜੋੜਨਾ, ਹਟਾਉਣਾ ਜਾਂ ਬਦਲਣਾ। ਨਾਲ ਹੀ ਇਹ ਬੈਕਗ੍ਰਾਊਂਡ ਅਤੇ ਸਟਾਈਲ 'ਚ ਵਿਆਪਕ (ਗਲੋਬਲ) ਬਦਲਾਅ ਵੀ ਕਰ ਸਕਦਾ ਹੈ। ਇਸ ਮਾਡਲ ਦੀ ਖਾਸੀਅਤ ਇਹ ਹੈ ਕਿ ਇਹ ਵੀਡੀਓ ਦੇ ਮੂਲ ਕੰਟੈਂਟ ਨੂੰ ਸੁਰੱਖਿਅਤ ਰੱਖਦੇ ਹੋਏ ਸਿਰਫ ਸੰਬੰਧਿਤ ਪਿਕਸਲਸ 'ਤੇ ਹੀ ਕੰਮ ਕਰਦਾ ਹੈ।