ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਪਸੰਜਰ ਕਾਰ ਦਾ ਹੋਇਆ ਸਫਲਤਾਪੂਰਵਕ ਪ੍ਰੀਖਣ
Monday, Oct 12, 2020 - 04:57 PM (IST)
ਆਟੋ ਡੈਸਕ– ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਵਾਲੀ ਪਸੰਜਰ ਕਾਰ ਦਾ ਸਫਲਤਾਪੂਰਵਕ ਪ੍ਰੀਖਣ ਕਰ ਲਿਆ ਗਿਆ ਹੈ। ਇਸ ਹਾਈਡ੍ਰੋਜਨ ਕਾਰ ਦਾ ਕਾਊਂਸਿਲ ਆਫ ਸਾਇੰਟਿਫਿਕ ਐਂਡ ਇੰਡੀਅਨ ਰਿਸਰਚ (CSIR) ਅਤੇ KPIT ਟੈਕਨਾਲੋਜੀਜ਼ ਨੇ ਇਕੱਠੇ ਮਿਲ ਕੇ ਪ੍ਰੀਖਣ ਕੀਤਾ ਹੈ। ਇਸ 5 ਸੀਟਰ ਕਾਰ ਲਈ ਖ਼ਾਸ ਤਰ੍ਹਾਂ ਦੇ ਫਿਊਲ ਸੈੱਲ ਸਟੈਕ ਡਿਵੈਲਪ ਕੀਤੇ ਗਏ, ਜਿਨ੍ਹਾਂ ਦੀ ਮਦਦ ਨਾਲ ਹਾਈਡ੍ਰੋਜਨ ਅਤੇ ਆਕਸੀਜਨ ’ਚ ਕੈਮੀਕਲ ਰਿਐਕਸ਼ਨ ਕਰਵਾਇਆ ਗਿਆ ਅਤੇ ਇਸ ਨਾਲ ਇਲੈਕਟ੍ਰਿਕਲ ਐਨਰਜੀ ਪੈਦਾ ਹੋਈ। ਇਸ ਦੌਰਨ ਪਾਣੀ ਦਾ ਨਿਕਾਸ ਹੋਇਆ ਹੈ ਜਿਸ ਨਾਲ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਹੈ।
ਇਸ ਤਕਨੀਕ ਨੂੰ ਤਿਆਰ ਕਰਨ ’ਚ ਲੱਗੇ ਪੂਰੇ 4 ਸਾਲ
ਹਾਈਡ੍ਰੋਜਨ ਕਾਰ ਨੂੰ ਤਿਆਰ ਕਰਕੇ ਪ੍ਰੀਖਣ ਕਰਨ ਤਕ ਪੂਰੇ 4 ਸਾਲਾਂ ਦਾ ਸਮਾਂ ਲੱਗਾ ਹੈ। ਇਸ ਦੇ ਫਿਊਲ ਸੈੱਲ ਸਟੈਕ ਨੂੰ CSIR-ਨੈਸ਼ਨਲ ਕੈਮੀਕਲ ਲੈਬੋਰਟਰੀ, ਪੁਣੇ ਦੁਆਰਾ ਬਣਾਇਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕਾਰ ’ਚ 10 kWe ਆਟੋਮੋਟਿਵ ਗ੍ਰਿਡ LT-PEMFC ਫਿਊਲ ਸੈੱਲ ਸਟੈਕ ਟੈਕਨਾਲੋਜੀ ਦਾ ਇਸਤੇਮਾਲ ਹੋਇਆ ਹੈ।
ਰਿਪੋਰਟ ਮੁਤਾਬਕ, ਇਹ 5 ਸੀਟਰ ਸੇਡਾਨ ਕਾਰ ਭਾਰਤੀ ਸੜਕਾਂ ’ਤੇ ਸਿੰਗਲ ਹਾਈਡ੍ਰੋਜਨ ਫਿਲ ਸਾਈਕਲ ਦੌਰਾਨ 60 ਤੋਂ 65 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ 250 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ।
ਕਮਰਸ਼ੀਅਲ ਵਾਹਨਾਂ ’ਚ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ ਇਹ ਤਕਨੀਕ
ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਤਕਨੀਕ ਕਮਰਸ਼ੀਅਲ ਵਾਹਨ ਜਿਵੇਂ ਕਿ ਬਸ, ਟਰੱਕ ਲਈ ਜ਼ਿਆਦਾ ਬਿਹਤਰ ਹੈ। ਇਸ ’ਤੇ KPIT, ਚੇਅਰਮੈਨ, ਰਵੀ ਪੰਡਿਤ ਨੇ ਕਿਹਾ ਕਿ ਇਸ ਤਕਨੀਕ ਦਾ ਬਹੁਤ ਬਿਹਤਰ ਭਵਿੱਖ ਹੈ। ਇਹ ਭਾਰਤ ਲਈ ਇਕ ਬਹੁਤ ਮਹੱਤਵਪੂਰਨ ਤਕਨੀਕ ਹੈ ਜੋ ਪ੍ਰਦੂਸ਼ਣ ਘੱਟ ਕਰ ਦੇਵੇਗੀ ਅਤੇ ਫੋਸਿਲ ਫਿਊਲ ਦੇ ਇੰਪੋਰਟ ਨੂੰ ਘੱਟ ਕਰਨ ’ਚ ਸਹਾਇਕ ਹੋਵੇਗੀ।
ਦੇਸ਼ ਭਰ ’ਚ ਇਲੈਕਟ੍ਰਿਕ ਵਾਹਨ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ ਪਰ ਅਜੇ ਵੀ ਢਾਂਚਾ ਚੰਗਾ ਨਾ ਹੋਣ ਕਾਰਨ ਇਹ ਸਫਲ ਨਹੀਂ ਹੋ ਸਕਿਆ। ਅਜਿਹੇ ’ਚ ਹਾਈਡ੍ਰੋਜਨ ਨੂੰ ਇਕ ਚੰਗਾ ਬਦਲ ਮੰਨਿਆ ਜਾ ਰਿਹਾ ਹੈ।