ਵੀਡੀਓ ਵੇਖਣ ’ਚ ਭਾਰਤੀਆਂ ਨੇ ਚੀਨ ਨੂੰ ਛੱਡਿਆ ਪਿੱਛੇ, ਰੋਜ਼ ਇੰਨੇ ਘੰਟੇ ਫੋਨ ’ਤੇ ਗੁਜ਼ਾਰ ਰਹੇ ਲੋਕ
Sunday, Oct 10, 2021 - 04:28 PM (IST)
ਗੈਜੇਟ ਡੈਸਕ– ਕੋਰੋਨਾ ਮਾਹਾਮਾਰੀ ਤੋਂ ਬਾਅਦ ਭਾਰਤੀ ਯੂਜ਼ਰਸ ਸਮਾਰਟਫੋਨ ਦਾ ਇਸਤੇਮਾਲ ਪਹਿਲਾਂ ਨਾਲੋਂ ਜ਼ਿਆਦਾ ਕਰਨ ਲੱਗੇ ਹਨ। ਹੁਣ ਯੂਜ਼ਰਸ ਦਿਨ ’ਚ 4.8 ਘੰਟੇ ਆਪਣੇ ਫੋਨ ’ਤੇ ਬਿਤਾ ਰਹੇ ਹਨ। ਇਕ ਰਿਪੋਰਟ ’ਚ ਸਾਹਮਣੇ ਆਇਾ ਹੈ ਕਿ ਕੋਰੋਨਾ ਤਾਲਾਬੰਦੀ ਤੋਂ ਬਾਅਦ 35 ਕਰੋੜ ਭਾਰਤੀ ਯੂਜ਼ਰਸ ਦਿਨ ’ਚ 4.8 ਘੰਟੇ ਫੋਨ ਦਾ ਇਸਤੇਮਾਲ ਕਰ ਰਹੇ ਹਨ। ਪ੍ਰਬੰਧਨ ਸਲਾਹਕਾਰ ਕੰਪਨੀ ਬੇਨ ਐਂਡ ਕੰਪਨੀ ਨੇ ਆਪਣੀ ਹਾਲੀਆ ਰਿਪੋਰਟ ’ਚ ਦੱਸਿਆ ਹੈ ਕਿ ਭਾਰਤੀਆਂ ਨੇ ਦੇਸ਼ਵਿਆਪੀ ਤਾਲਾਬੰਦੀ ਦੌਰਾਨ ਆਨਲਾਈਨ ਵੀਡੀਓਜ਼ ਜੰਮ ਕੇ ਵੇਖੀਆਂ ਹਨ। ਲੋਕਾਂ ਦਾ ਵੀਡੀਓ ਵੇਖਣ ’ਚ ਬਿਤਾਇਆ ਜਾਣ ਵਾਲਾ ਸਮਾਂ 60 ਤੋਂ 70 ਫੀਸਦੀ ਤਕ ਵਧ ਗਿਆ ਹੈ। ਭਾਰਤ ’ਚ ਅੱਜ ਇੰਟਰਨੈੱਟ ਯੂਜ਼ਰ ’ਚੋਂ 60 ਫੀਸਦੀ ਆਨਲਾਈਨ ਵੀਡੀਓ ਵੇਖਦੇ ਹਨ। 2018 ਅਤੇ 2020 ਦੇ ਮੁਕਾਬਲੇ ਵੀਡੀਓ ਵੇਖਣ ਵਾਲੇ ਲੋਕਾਂ ਦੀ ਗਿਣਤੀ 24 ਫੀਸਦੀ ਵਧੀ ਹੈ ਜੋ ਚੀਨ ਦੇ ਮੁਕਾਬਲੇ ਦੁਗਣੀ ਹੈ।
ਰਿਪੋਰਟ ਮੁਤਾਬਕ, ਭਾਰਤ ’ਚ ਇਸ ਦੇ ਅੰਕੜੇ ਅਜੇ ਹੋਰ ਤੇਜ਼ੀ ਨਾਲ ਵਧ ਸਕਦੇ ਹਨ। ਭਾਰਤ ’ਚ ਕਰੀਬ 64 ਕਰੋੜ ਇੰਟਰਨੈੱਟ ਯੂਜ਼ਰਸ ਹਨ, ਜਿਨ੍ਹਾਂ ’ਚੋਂ ਕਰੀਬ 55 ਕਰੋੜ ਸਮਾਰਟਫੋਨ ਯੂਜ਼ਰਸ ਹਨ। ਜ਼ਿਆਦਾਤਰ ਲੋਕਾਂ ਨੂੰ ਲੰਬੀ ਡਿਊਰੇਸ਼ਨ ਵਾਲੀ ਵੀਡੀਓ ਵੇਖਣਾ ਪਸੰਦ ਹੈ। ਲੰਬੀ ਵੀਡੀਓ ਵੇਖਣ ਵਾਲੇ ਲੋਕਾਂ ਦੀ ਗਿਣਤੀ ’ਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਾਧਾ ਵੇਖਿਆ ਗਿਆ ਹੈ। 2018 ਤੋਂ 2020 ਦੇ ਮੁਕਾਬਲੇ ਕਰੀਬ ਡੇਢ ਗੁਣਾ ਵਾਧਾ ਇਸ ਵਿਚ ਹੋਇਆ ਹੈ। ਇਸ ਰਿਪੋਰਟ ’ਚ ਵਿਸ਼ਲੇਸ਼ਕਾਂ ਨੇ 15 ਸਕਿੰਟਾਂ ਤੋਂ ਦੋ ਮਿੰਟ ਤਕ ਦੇ ਸਮੇਂ ਦੀ ਵੀਡੀਓ ਨੂੰ ਛੋਟੀ ਵੀਡੀਓ ਅਤੇ ਦੋ ਮਿੰਟ ਤੋਂ ਜ਼ਿਆਦਾ ਦੀ ਵੀਡੀਓ ਨੂੰ ਲੰਬੀ ਵੀਡੀਓ ਮੰਨਿਆ ਹੈ।