2020 ਤੱਕ ਭਾਰਤ ਤੀਸਰਾ ਸਭ ਤੋਂ ਵੱਡਾ ਕਾਰ ਬਾਜ਼ਾਰ ਹੋਵੇਗਾ : ਸੁਜ਼ੂਕੀ
Tuesday, Mar 14, 2017 - 02:09 PM (IST)

ਜਲੰਧਰ- ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦਾ ਮੰਨਣਾ ਹੈ ਕਿ 2020 ਤਕ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਕਾਰ ਬਾਜ਼ਾਰ ਹੋਵੇਗਾ। ਕੰਪਨੀ ਨੇ ਕਿਹਾ ਹੈ ਕਿ ਉਹ ਭਾਰਤੀ ਬਾਜ਼ਾਰ ਦੀ ਵਾਧੇ ''ਚ ਵੱਡੀ ਭੂਮਿਕਾ ਨਿਭਾਉਣ ਲਈ ਵਚਨਬੱਧ ਹੈ। ਭਾਰਤ ਦੇ ਯਾਤਰੀ ਕਾਰ ਬਾਜ਼ਾਰ ''ਚ ਕੰਪਨੀ ਦੀ ਭਾਰਤੀ ਇਕਾਈ ਮਾਰੂਤੀ-ਸੁਜ਼ੂਕੀ ਇੰਡੀਆ ਦੀ ਹਿੱਸੇਦਾਰੀ 50 ਫੀਸਦੀ ਤੋਂ ਵੱਧ ਹੈ। ਕੰਪਨੀ ਨੇ 2020 ਤਕ ਆਪਣਾ ਕੁਲ ਉਤਪਾਦਨ 20 ਲੱਖ ਇਕਾਈ ਤਕ ਪਹੁੰਚਾਉਣ ਦੀ ਯੋਜਨਾ ਅਧੀਨ ਗੁਜਰਾਤ ਦੇ ਆਪਣੇ ਪਲਾਂਟ ਦਾ ਪਰਿਚਾਲਨ ਪਹਿਲਾਂ ਤੋਂ ਸ਼ੁਰੂ ਕਰ ਦਿੱਤਾ ਹੈ।
ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਕਾਰਜਕਾਰੀ ਜਨਰਲ ਪ੍ਰਬੰਧਕ ਅਤੇ ਪ੍ਰਬੰਧਕੀ ਅਧਿਕਾਰੀ (ਸੰਸਾਰਕ ਆਟੋਮੋਟਿਵ ਪਰਿਚਾਲਨ) ਕਿਨਜੀ ਸਾਇਤੋ ਨੇ ਜਿਨੇਵਾ ਮੋਟਰ ਸ਼ੋਅ ਦੌਰਾਨ ਕਿਹਾ, ''''ਭਾਰਤ ਦੇ 2020 ਤਕ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਕਾਰ ਬਾਜ਼ਾਰ ਬਣਨ ਦੀ ਉਮੀਦ ਹੈ। ਅਸੀਂ ਇਸ ਵਾਧੇ ''ਚ ਆਪਣਾ ਵੱਡਾ ਯੋਗਦਾਨ ਦੇਵਾਂਗੇ।'''' ਕੰਪਨੀ ਵਾਧੂ ਮੰਗ ਨੂੰ ਪੂਰਾ ਕਰਨ ਲਈ ਜਿਥੇ ਉਤਪਾਦਨ ਵਧਾਉਣ ''ਤੇ ਧਿਆਨ ਦੇ ਰਹੀ ਹੈ ਉਥੇ ਉਹ ਕਈ ਨਵੇਂ ਉਤਪਾਦ ਵੀ ਉਤਾਰਨ ਦੀ ਤਿਆਰੀ ਕਰ ਰਹੀ ਹੈ। ਸਾਇਤੋ ਨੇ ਕਿਹਾ, ''''ਅਸੀਂ ਪਿਛਲੇ ਮਹੀਨੇ ਭਾਰਤ ਦੇ ਆਪਣੇ ਨਵੇਂ ਪਲਾਂਟ ''ਚ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਅਸੀਂ ਆਪਣੀ ਕੁਲ ਉਤਪਾਦਨ ਸਮਰੱਥਾ ਵਧਾ ਕੇ 20 ਲੱਖ ਇਕਾਈ ਕਰਾਂਗੇ।''''