ਹੁਣ ਚੋਰੀ ਹੋਏ ਮੋਬਾਇਲ ਦੀ ਨਹੀਂ ਹੋ ਸਕੇਗੀ ਵਰਤੋਂ

06/22/2019 7:20:39 PM

ਨਵੀਂ ਦਿੱਲੀ— ਫੋਨ ਚੋਰੀ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਟੈਲੀਕਾਮ ਵਿਭਾਗ ਛੇਤੀ ਇੰਟਰਨੈਸ਼ਨਲ ਮੋਬਾਇਲ ਇਕਵਿਪਮੈਂਟ ਆਈਡੈਂਟਿਟੀ ਯਾਨੀ ਆਈ. ਐੱਮ. ਈ. ਆਈ. ਨੰਬਰ ਦਾ ਡਾਟਾਬੇਸ ਤਿਆਰ ਕਰਨ ਜਾ ਰਿਹਾ ਹੈ।

ਸਰਕਾਰ ਸੈਂਟਰਲ ਇਕਵਿਪਮੈਂਟ ਆਈਡੈਂਟਿਟੀ ਰਜਿਸਟਰ ਯਾਨੀ ਸੀ. ਈ. ਆਈ. ਆਰ. ਤਿਆਰ ਕਰੇਗੀ, ਜਿਸ ’ਚ ਸਾਰੇ ਮੋਬਾਇਲ ਫੋਨ ਦੇ 15 ਅੰਕਾਂ ਵਾਲੇ ਆਈ. ਐੱਮ. ਈ. ਆਈ. ਨੰਬਰ ਦਾ ਵੱਡਾ ਡਾਟਾਬੇਸ ਰੱਖਿਆ ਜਾਵੇਗਾ। ਇਸ ਦੇ ਜ਼ਰੀਏ ਚੋਰੀ ਹੋਏ ਮੋਬਾਇਲ ਦੇ ਆਈ. ਐੱਮ. ਈ. ਆਈ. ਨੰਬਰ ਬਲਾਕ ਕੀਤੇ ਜਾ ਸਕਣਗੇ।

ਐੱਫ. ਆਈ. ਆਰ. ਹੋਵੇਗੀ ਜ਼ਰੂਰੀ
ਭਵਿੱਖ ’ਚ ਫੋਨ ਗੁਆਚਣ ਜਾਂ ਚੋਰੀ ਹੋਣ ਦੀ ਹਾਲਤ ’ਚ ਗਾਹਕ ਨੂੰ ਐੱਫ. ਆਈ. ਆਰ. ਦਰਜ ਕਰਵਾਉਣ ਤੋਂ ਬਾਅਦ ਦੂਰਸੰਚਾਰ ਵਿਭਾਗ ਦੀ ਹੈਲਪਲਾਈਨ ਨੰਬਰ ’ਤੇ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਵਿਭਾਗ ਉਸ ਆਈ. ਐੱਮ. ਈ. ਆਈ. ਨੰਬਰ ਨੂੰ ਬਲੈਕਲਿਸਟ ਕਰ ਦੇਵੇਗਾ। ਬਲੈਕਲਿਸਟ ਹੋਣ ਤੋਂ ਬਾਅਦ ਉਸ ਮੋਬਾਇਲ ’ਤੇ ਕੋਈ ਵੀ ਟੈਲੀਕਾਮ ਸੇਵਾਵਾਂ ਦਾ ਨੈੱਟਵਰਕ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਦੂਜੇ ਸ਼ਬਦਾਂ ’ਚ ਕਹੀਏ ਤਾਂ ਮੋਬਾਇਲ ਇਕ ਤਰ੍ਹਾਂ ਨਾਲ ਬੇਕਾਰ ਹੋ ਜਾਵੇਗਾ।

ਕੀ ਹੈ ਆਈ. ਐੱਮ. ਈ. ਆਈ. ਨੰਬਰ
ਆਈ. ਐੱਮ. ਈ. ਆਈ. ਨੰਬਰ ਹਰ ਮੋਬਾਇਲ ਦੇ ਸਿਮ ਸਲਾਟ ਦਾ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਹੁੰਦਾ ਹੈ। 15 ਅੰਕਾਂ ਦਾ ਇਹ ਨੰਬਰ ਮੋਬਾਇਲ ਦੀ ਇਕ ਪਛਾਣ ਹੁੰਦਾ ਹੈ। ਸਿੰਗਲ ਸਿਮ ਮੋਬਾਇਲ ’ਚ ਇਕ, ਜਦਕਿ ਡਬਲ ਸਿਮ ਮੋਬਾਇਲ ’ਚ ਦੋ ਆਈ. ਐੱਮ. ਈ. ਆਈ. ਨੰਬਰ ਹੁੰਦੇ ਹਨ। ਇਹ ਅਜਿਹਾ ਨੰਬਰ ਹੁੰਦਾ ਹੈ ਹਰ ਫੋਨ ਨੂੰ ਵੱਖ-ਵੱਖ ਹੀ ਦਿੱਤਾ ਜਾਂਦਾ ਹੈ।

ਇਨ੍ਹਾਂ ਦੇਸ਼ਾਂ ’ਚ ਪਹਿਲਾਂ ਤੋਂ ਹੈ ਸਹੂਲਤ
ਇਸ ਦਾ ਮਕਸਦ ਫਰਜ਼ੀ ਆਈ. ਐੱਮ. ਈ. ਆਈ. ਨੰਬਰਾਂ ਵਾਲੇ ਡਿਵਾਈਸਿਜ਼ ਨੂੰ ਬੰਦ ਕਰਨਾ ਅਤੇ ਬਾਕੀ ਡਿਵਾਈਸਿਜ਼ ਨੂੰ ਨਿਯਮਿਤ ਕਰਨਾ ਹੋਵੇਗਾ। ਦੁਨੀਆ ਭਰ ’ਚ ਇਹ ਸਹੂਲਤ ਆਸਟਰੇਲੀਆ, ਬ੍ਰਿਟੇਨ, ਮਿਸਰ ਅਤੇ ਤੁਰਕੀ ਵਰਗੇ ਦੇਸ਼ਾਂ ’ਚ ਪਹਿਲਾਂ ਤੋਂ ਮੌਜੂਦ ਹੈ। ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਆਈ. ਐੱਮ. ਈ. ਆਈ. ਨੰਬਰ ਦੀ ਮਦਦ ਨਾਲ ਹੀ ਚੋਰੀ ਹੋਏ ਮੋਬਾਇਲ ਦਾ ਪਤਾ ਲਾਉਂਦੀਆਂ ਹਨ। ਜੇਕਰ ਚੋਰੀ ਕਰਨ ਵਾਲੇ ਨੇ ਮੋਬਾਇਲ ਨੂੰ ਡੀਐਕਟੀਵੇਟ ਵੀ ਕਰ ਦਿੱਤਾ ਹੈ ਤਾਂ ਵੀ ਇਹ ਆਈ. ਐੱਮ. ਈ. ਆਈ. ਨੰਬਰ ਐਕਟਿਵ ਰਹਿੰਦਾ ਹੈ ਅਤੇ ਮੋਬਾਇਲ ਦੀ ਲੋਕੇਸ਼ਨ ਜਾਣੀ ਜਾ ਸਕਦੀ ਹੈ।

ਡਿਪਾਰਟਮੈਂਟ ਆਫ ਟੈਲੀਕਾਮ ਨੇ ਇਹ ਪ੍ਰਾਜੈਕਟ ਜੁਲਾਈ 2017 ’ਚ ਸ਼ੁਰੂ ਕੀਤਾ ਸੀ। ਉਦੋਂ ਇਕ ਪਾਇਲਟ ਪ੍ਰਾਜੈਕਟ ਵਾਂਗ ਇਸ ਨੂੰ ਮਹਾਰਾਸ਼ਟਰ ’ਚ ਸ਼ੁਰੂ ਕੀਤਾ ਗਿਆ ਸੀ। ਪ੍ਰਾਜੈਕਟ ਲਈ ਬੀ. ਐੱਸ. ਐੱਨ. ਐੱਲ. ਵੱਲੋਂ ਆਈ. ਟੀ. ਪ੍ਰਾਜੈਕਟ ਯੂਨਿਟ ਪੁਣੇ ’ਚ ਸ਼ੁਰੂ ਕੀਤਾ ਗਿਆ ਸੀ। ਸਾਲ 2019-20 ਦੇ ਅੰਤ੍ਰਿਮ ਬਜਟ ’ਚ ਸਰਕਾਰ ਨੇ ਦੂਰਸੰਚਾਰ ਵਿਭਾਗ ਨੂੰ ਇਸ ਪ੍ਰਾਜੈਕਟ ਲਈ 15 ਕਰੋਡ਼ ਰੁਪਏ ਅਲਾਟ ਕੀਤੇ ਹਨ।


Inder Prajapati

Content Editor

Related News