ਹੁਣ AI ਤਸਵੀਰਾਂ ਪਛਾਣਨ ''ਚ ਨਹੀਂ ਹੋਵੇਗੀ ਪਰੇਸ਼ਾਨੀ, ਗੂਗਲ ਹੀ ਕਰ ਦੇਵੇਗਾ ਫਿਲਟਰ
Sunday, Oct 13, 2024 - 04:42 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਗੂਗਲ ਫੋਟੋਜ਼ (Google Photos) ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਗੂਗਲ ਫੋਟੋਜ਼ 'ਚ ਜਲਦ ਹੀ ਇਕ ਨਵਾਂ ਫੀਚਰ ਆਉਣ ਵਾਲਾ ਹੈ, ਜੋ ਯੂਜ਼ਰਜ਼ ਨੂੰ ਏ.ਆਈ. ਨਾਲ ਬਣਾਈਆਂ ਗਈਆਂ ਤਸਵੀਰਾਂ ਨੂੰ ਛਾਂਟਣ 'ਚ ਮਦਦ ਕਰੇਗਾ ਯਾਨੀ ਗੂਗਲ ਫੋਟੋਜ਼ ਹੀ ਤੁਹਾਨੂੰ ਦੱਸ ਦੇਵੇਗਾ ਕਿ ਇਮੇਜ ਏ.ਆਈ. ਦੀ ਹੈ ਜਾਂ ਨਹੀਂ। ਰਿਪੋਰਟ ਮੁਤਾਬਕ, ਫੋਟੋ ਅਤੇ ਵੀਡੀਓ ਸ਼ੇਅਰਿੰਗ ਅਤੇ ਸਟੋਰੇਜ ਸੇਵਾ 'ਚ ਨਵੇਂ ਆਈ.ਡੀ. ਟੈਗ ਜੋੜੇ ਜਾ ਰਹੇ ਹਨ, ਜੋ ਇਮੇਜ ਦੀ ਏ.ਆਈ. ਜਾਣਕਾਰੀ ਅਤੇ ਡਿਜੀਟਲ ਸੋਰਸ ਬਾਰੇ ਜਾਣਕਾਰੀ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਡੀਪਫੇਕ ਨੂੰ ਰੋਕਣ ਲਈ ਗੂਗਲ ਇਸ ਫੀਚਰ 'ਤੇ ਕੰਮ ਕਰ ਰਿਹਾ ਹੈ।
ਗੂਗਲ ਫੋਟੋਜ਼ AI ਐਟ੍ਰਿਬਿਊਸ਼ਨ
ਡੀਪਫੇਕ ਹਾਲ ਦੇ ਸਾਲਾਂ 'ਚ ਡਿਜੀਟਲ ਛੇੜਛਾੜ ਦਾ ਇਕ ਨਵਾਂ ਰੂਪ ਬਣ ਕੇ ਉਭਰਿਆ ਹੈ। ਡੀਪਫੇਕ ਫੋਟੋ, ਵੀਡੀਓ, ਆਡੀਓ ਫਾਈਲਾਂ ਜਾਂ ਹੋਰ ਮੀਡੀਆ ਹਨ ਜਿਨ੍ਹਾਂ ਨੂੰ ਏ.ਆਈ. ਦਾ ਇਸਤੇਮਾਲ ਕਰਕੇ ਡਿਜੀਟਲ ਰੂਪ ਨਾਲ ਬਣਾਇਆ ਜਾਂ ਐਡਿਟ ਕੀਤਾ ਗਿਆ ਹੈ, ਤਾਂ ਜੋ ਗਲਤ ਜਾਣਕਾਰੀ ਫੈਲਾਈ ਜਾ ਸਕੇ ਜਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ।
ਉਦਾਹਰਣ ਲਈ, ਹਾਲ ਹੀ 'ਚ ਅਭਿਨੇਤਾ ਅਮਿਤਾਭ ਬੱਚਨ ਨੇ ਇਕ ਕੰਪਨੀ ਦੇ ਮਾਲਕ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿਚ ਡੀਪਫੇਕ ਵੀਡੀਓ ਵਿਗਿਆਪਨਾਂ 'ਚ ਉਨ੍ਹਾਂ ਨੂੰ ਉਸ ਕੰਪਨੀ ਦੇ ਪ੍ਰੋਡਕਟਸ ਨੂੰ ਪ੍ਰਮੋਟ ਕਰਦੇ ਹੋਏ ਦਿਖਾਇਆ ਗਿਆ ਸੀ।
Android Authority ਦੀ ਇਕ ਰਿਪੋਰਟ ਮੁਤਾਬਕ, ਗੂਗਲ ਫੋਟੋਜ਼ ਐਪ 'ਚ ਇਕ ਨਵੀਂ ਸਹੂਲਤ ਜਲਦੀ ਹੀ ਯੂਜ਼ਰਜ਼ ਨੂੰ ਉਨ੍ਹਾਂ ਦੀ ਗੈਲਰੀ 'ਚ ਮੌਜੂਦ ਕਿਸੇ ਵੀ ਇਮੇਜ ਦੇ ਡਿਜੀਟਲ ਸੋਰਸ ਦੀ ਜਾਣਕਾਰੀ ਦੇਵੇਗੀ। ਇਹ ਫੀਚਰ ਗੂਗਲ ਫੋਟੋਜ਼ ਐਪ ਦੇ ਵਰਜ਼ਨ 7.3 'ਚ ਦੇਖਿਆ ਗਿਆ, ਹਾਲਾਂਕਿ ਇਹ ਅਜੇ ਐਕਟਿਵ ਨਹੀਂ ਹੈ।