‘ਗਰੀਨ-ਟੀ’ ਦੀ ਖੋਜ ਕਰਨ ਵਾਲੀ ਜਪਾਨੀ ਵਿਗਿਆਨੀ ਦੀ ਯਾਦ ’ਚ ਗੂਗਲ ਨੇ ਬਣਾਇਆ ਖਾਸ ਡੂਡਲ
Friday, Sep 17, 2021 - 12:33 PM (IST)
ਗੈਜੇਟ ਡੈਸਕ– ਗੂਗਲ ਨੇ ਜਪਾਨੀ ਵਿਗਿਆਨੀ ਮਿਸ਼ੀਓ ਸੁਜੀਮੁਰਾ ਦੀ 133ਵੀਂ ਜਯੰਤੀ ’ਤੇ ਖਾਸ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਇਸ ਡੂਡਲ ’ਚ ਵਿਗਿਆਨੀ ਨੂੰ ਲੈਬ ’ਚ ਰਿਸਰਚ ਕਰਦੇ ਹੋਏ ਵਿਖਾਇਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਿਸ਼ੀਓ ਸੁਜੀਮੁਰਾ ਨੂੰ ‘ਗਰੀਨ-ਟੀ’ ਦੀ ਖੋਜ ਕਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਸਾਲ 1956 ’ਚ ‘ਗਰੀਨ-ਟੀ’ ’ਤੇ ਅਧਿਐਨ ਕਰਨ ਲਈ ਜਪਾਨ ’ਚ ਖੇਤੀ ਵਿਗਿਆਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਗੂਗਲ ਦਾ ਹੋਮ ਪੇਜ ਓਪਨ ਕਰਦੇ ਹੀ ਤੁਹਾਨੂੰ ਮਿਸ਼ੀਓ ਸੁਜੀਮੁਰਾ ਨੂੰ ਸਮਰਪਿਤ ਖਾਸ ਡੂਡਲ ਵੇਖਣ ਨੂੰ ਮਿਲੇਗਾ। ਇਸ ਡੂਡਲ ’ਚ ਮਹਿਲਾ ਵਿਗਿਆਨੀ ਨੂੰ ਵਿਖਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਇਕ ਗਰੀਨ-ਟੀ ਦਾ ਕੱਪ, ਸੁੱਕੀ ਗਰੀਨ-ਟੀ ਅਤੇ ਨੋਟਪੈਡ ਵਰਗੀਆਂ ਚੀਜ਼ਾਂ ਨੂੰ ਵੀ ਦਰਸ਼ਾਇਆ ਗਿਆ ਹੈ।
ਮਿਸ਼ੀਓ ਸੁਜੀਮੁਰਾ ਦਾ ਜਨਮ 17 ਸਤੰਬਰ 1888 ਨੂੰ ਜਪਾਨ ’ਚ ਹੋਇਆ ਸੀ। ਗ੍ਰੈਜੁਏਸ਼ਨ ਤੋਂ ਬਾਅਦ ਉਨ੍ਹਾਂ ਇਕ ਵਿਗਿਆਨੀ ਦੇ ਰੂਪ ’ਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਉਨ੍ਹਾਂ ਹੋਕਾਈਡੋ ਇੰਪੀਰੀਅਲ ਯੂਨੀਵਰਸਿਟੀ ਦੀ ਲੈਬੋਰੇਟਰੀ ’ਚ ਅਸਿਸਟੈਂਟ ਦੇ ਰੂਪ ’ਚ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਡਾਕਟਰ ਉਮੇਤਾਰੋ ਸੁਜ਼ੂਕੀ ਦੇ ਅਧੀਨ ਕੰਮ ਕੀਤਾ ਜਿਨ੍ਹਾਂ ਨੇ ਵਿਟਾਮਿਨ ਬੀ-1 ਦੀ ਖੋਜ ਕੀਤੀ ਸੀ। ਸੁਜੀਮੁਰਾ ਨੇ ਆਪਣੇ ਅਸਿਸਟੈਂਟ ਸਿਤਾਰੋ ਮਿਓਰਾ ਨਾਲ ਮਿਲ ਕੇ ਵਿਟਾਮਿਨ ਸੀ ਦੇ ਕੁਦਰਤੀ ਸ੍ਰੋਤ ਦੀ ਖੋਜ ਕੀਤੀ, ਜੋ ਕਿ ਗਰੀਨ-ਟੀ ਬਣੀ। ਇਸ ਖੋਜ ਤੋਂ ਬਾਅਦ ਹੀ ਅਮਰੀਕਾ ’ਚ ਗਰੀਨ-ਟੀ ਦਾ ਨਿਰਯਾਤ ਤੇਜ਼ੀ ਨਾਲ ਵਧਣ ਲੱਗਾ ਸੀ।