ਟੋਯੋਟਾ ਨੇ ਇਲੈਕਟ੍ਰੀਫਾਈਡ ਫਲੈਕਸ ਈਂਧਨ ਵਾਹਨ ਦੇ ਪ੍ਰੋਟੋਟਾਈਪ ਦੀ ਕੀਤੀ ਘੁੰਡ ਚੁਕਾਈ

08/30/2023 7:53:59 PM

ਨਵੀਂ ਦਿੱਲੀ, (ਯੂ. ਐੱਨ. ਆਈ.)– ਪ੍ਰੀਮੀਅਮ ਖੇਤਰ ਦੇ ਯਾਤਰੀ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟੋਯੋਟਾ ਕਿਰਲੋਸਕਰ ਮੋਟਰ ਨੇ ਬਾਇਓ ਈਂਧਨ ਅਤੇ ਇਲੈਕਟ੍ਰਿਕ ਦੋਵੇਂ ਈਂਧਨ ਦਾ ਸਪੋਰਟ ਕਰਨ ਵਾਲੇ ਦੁਨੀਆ ਦੇ ਪਹਿਲੇ ਬੀ. ਐੱਸ.-6 (ਸਟੇਜ਼-2) ਇਲੈਕਟ੍ਰੀਫਾਈਡ ਫਲੈਕਸ ਈਂਧਨ ਵਾਹਨ ਦੇ ਪ੍ਰੋਟੋਟਾਈਪ ਦੀ ਅੱਜ ਇੱਥੇ ਘੁੰਡ ਚੁਕਾਈ ਕੀਤੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ, ਕੇਂਦਰੀ ਭਾਰੀ ਉਦਯੋਗ ਮੰਤਰੀ ਮਹਿੰਦਰ ਨਾਥ ਪਾਂਡੇ ਅਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਰਲੋਸਕਰ ਸਿਸਟਮਸ ਪ੍ਰਾਈਵੇਟ ਲਿਮਟਿਡ ਦੀ ਮੁਖੀ ਅਤੇ ਮੈਨੇਜਿੰਗ ਡਾਇਰੈਕਟਰ ਗੀਤਾਂਜਲੀ ਕਿਰਲੋਸਕਰ ਅਤੇ ਟੋਯੋਟਾ ਕਿਰਲੋਸਕਰ ਮੋਟਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਮ. ਯੋਸ਼ੀਮੁਰਾ ਦੀ ਮੌਜੂਦਗੀ ’ਚ ਅੱਜ ਇੱਥੇ ਵਾਹਨ ਦੀ ਘੁੰਡ ਚੁਕਾਈ ਕੀਤੀ।

ਇਸ ਵਾਹਨ ਵਿਚ ਜੋ ਇੰਜਣ ਲੱਗਾ ਹੈ, ਉਹ 60 ਫੀਸਦੀ ਇਲੈਕਟ੍ਰਿਕ ਨਾਲ ਅਤੇ 40 ਫੀਸਦੀ ਈਥੇਨਾਲ ਨਾਲ ਚੱਲੇਗਾ। ਕੰਪਨੀ ਨੇ ਇਸ ਇੰਜਣ ’ਚ ਭਾਰਤ ਦੀਆਂ ਲੋੜਾਂ ਮੁਤਾਬਕ ਕਈ ਬਦਲਾਅ ਕੀਤੇ ਹਨ, ਜਿਵੇਂ ਜ਼ੀਰੋ ਤੋਂ 15 ਡਿਗਰੀ ਘੱਟ ਤਾਪਮਾਨ ’ਚ ਵੀ ਇੰਜਣ ਦਾ ਸਟਾਰਟ ਹੋਣਾ ਵੀ ਸ਼ਾਮਲ ਹੈ।

ਇਸ ਮੌਕੇ ’ਤੇ ਗਡਕਰੀ ਨੇ ਕਿਹਾ ਕਿ ਦੇਸ਼ ’ਚ ਛੇਤੀ ਹੀ ਈਥੇਨਾਲ ਨਾਲ ਚੱਲਣ ਵਾਲੇ ਦੋਪਹੀਆ ਅਤੇ ਤਿੰਨ ਪਹੀਆ ਵਾਹਨ ਵੀ ਲਾਂਚ ਹੋਣ ਵਾਲੇ ਹਨ। ਉਨ੍ਹਾਂ ਨੇ ਤੇਲ ਮਾਰਕੀਟਿੰਗ ਕੰਪਨੀਆਂ ਤੋਂ ਈਥੇਨਾਲ ਪੰਪ ਸ਼ੁਰੂ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਨਾਲ ਚੱਲਣ ਵਾਲੇ ਵਾਹਨ ਬਣਾਉਣ ਲਈ ਕੰਪਨੀਆਂ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਹਾਲੇ ਪੈਟਰੋਲ ’ਚ 11.75 ਫੀਸਦੀ ਈਥੇਨਾਲ ਮਿਸ਼ਰਣ ਹੋ ਰਿਹਾ ਹੈ, ਜਿਸ ਨੂੰ ਵਧਾ ਕੇ 20 ਫੀਸਦੀ ਕਰਨ ਦੀ ਦਿਸ਼ਾ ’ਚ ਵਧਣਾ ਹੈ। ਹੁਣ ਦੇਸ਼ ’ਚ ਈਥੇਨਾਲ ਸਿਰਫ ਗੰਨੇ ਤੋਂ ਹੀ ਨਹੀਂ ਸਗੋਂ ਚੌਲ, ਮੱਕੀ ਅਤੇ ਦੂਜੇ ਅਨਾਜ ਤੋਂ ਵੀ ਬਣਾਇਆ ਜਾ ਰਿਹਾ ਹੈ।


Rakesh

Content Editor

Related News