ਟਵਿਟਰ ਨੇ ਹਟਾਇਆ BSF ਦਾ ਫਰਜ਼ੀ ਅਕਾਊਂਟ, ਫੈਕਟ ਚੈੱਕ ਯੂਨਿਟ ਤੋਂ ਮਿਲੀ ਸੀ ਜਾਣਕਾਰੀ
Wednesday, Sep 07, 2022 - 09:41 PM (IST)
ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਅਤੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ਨੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਫਰਜ਼ੀ ਟਵਿਟਰ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਹੈ। ਟਵਿਟਰ ਨੇ ਕੇਂਦਰ ਸਰਕਾਰ ਦੇ ਸਖ਼ਤ ਨਿਰਦੇਸ਼ ਤੋਂ ਬਾਅਦ ਇਸ ਅਕਾਊਂਟ ਨੂੰ ਬੰਦ ਕੀਤਾ ਹੈ। ਕੇਂਦਰ ਸਰਕਾਰ ਦੇ ਫੈਕਟ ਚੈੱਕ ਯੂਨਿਟ ਰਾਹੀਂ @BsfIndia0 ਨਾਂ ਦੇ ਇਸ ਫਰਜ਼ੀ ਟਵਿਟਰ ਹੈਂਡਲ ਦਾ ਪਤਾ ਲਗਾਇਆ ਗਿਆ ਸੀ। ਜਾਣਕਾਰੀ ਮੁਤਾਬਕ, ਇਸ ਫਰਜ਼ੀ ਟਵਿਟਰ ਅਕਾਊਂਟ ਨੂੰ ਬੀ.ਐੱਸ.ਐੱਫ. ਦੇ ਅਸਲੀ ਟਵਿਟਰ ਅਕਾਊਂਟ ਵਰਗਾ ਹੀ ਬਣਾਇਆ ਗਿਆ ਸੀ।
ਦਰਅਸਲ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਤਹਿਤ ਕੰਮ ਕਰਨ ਵਾਲੀ ਫੈਕਟ ਚੈੱਕ ਯੂਨਿਟ ਦੁਆਰਾ ਇਸ ਫਰਜ਼ੀ ਟਵਿਟਰ ਹੈਂਡਲ ਦੀ ਜਾਣਕਾਰੀ ਮਿਲੀ ਸੀ, ਜਿਸਦੇ 24 ਘੰਟਿਆਂ ਦੇ ਅੰਦਰ ਹੀ ਇਸਨੂੰ ਬੰਦ ਕਰ ਦਿੱਤਾ ਗਿਆ। ਦੱਸ ਦੇਈਏ ਕਿ ਫਰਜ਼ੀ ਟਵਿਟਰ ਹੈਂਡਲ ਦੇ ਸੰਬੰਧ ’ਚ ਬੀ.ਐੱਸ.ਐੱਫ. ਨੇ ਟਵਿਟਰ ਇੰਡੀਆ ਨੂੰ ਫਟਕਾਰ ਵੀ ਲਗਾਈ ਸੀ। ਬੀ.ਐੱਸ.ਐੱਫ. ਨੇ ਟਵਿਟਰ ਨੂੰ ਫਰਜ਼ੀ ਅਕਾਊਂਟ ’ਤੇ ਕਾਰਵਾਈ ਕਰਨ ਲਈ ਇਕ ਚਿੱਠੀ ਲਿਖੀ ਸੀ ਅਤੇ ਇਸ ਅਕਾਊਂਟ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਵੀ ਦਿੱਤੇ ਸਨ। ਜਿਸਤੋਂ ਬਾਅਦ ਟਵਿਟਰ ਨੇ ਕਾਰਵਾਈ ਕਰਦੇ ਹੋਏ ਇਸ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਹੈ।
ਦੱਸ ਦੇਈਏ ਕਿ @BsfIndia0 ਨਾਂ ਦੇ ਇਸ ਫਰਜ਼ੀ ਟਵਿਟਰ ਅਕਾਊਂਟ ਨੂੰ ਬੰਦ ਕੀਤੇ ਜਾਣ ਤਕ ਇਸਦੇ 30 ਫਾਲੋਅਰਜ਼ ਹੋ ਚੁੱਕੇ ਸਨ ਅਤੇ ਇਸ ਅਕਾਊਂਟ ਤੋਂ 60 ਹੋਰ ਲੋਕਾਂ ਨੂੰ ਫਾਲੋ ਕੀਤਾ ਜਾ ਰਿਹਾ ਸੀ। ਫੈਕਟ ਚੈੱਕ ਯੂਨਿਟ ਨੂੰ ਇਸਦੀ ਜਾਣਕਾਰੀ ਉਦੋਂ ਲੱਗੀ ਜਦੋਂ ਇਸ ਅਕਾਊਂਟ ਦੇ ਫਾਲੋਅਰਜ਼ ਇਕਦਮ ਵਧਣ ਲੱਗੇ ਅਤੇ ਇਹ ਸਾਈਟ ਵਾਇਰਲ ਹੋਣ ਲੱਗੀ।