ਫਰਜ਼ੀ ਖ਼ਬਰਾਂ ਸ਼ੇਅਰ ਕਰਨ ਵਾਲੇ ਪੇਜਾਂ ਨੂੰ ਲੈ ਕੇ ਯੂਜ਼ਰਸ ਨੂੰ ਅਲਰਟ ਦੇਵੇਗੀ ਫੇਸਬੁੱਕ
Monday, May 31, 2021 - 11:52 AM (IST)
ਗੈਜੇਟ ਡੈਸਕ– ਸੋਸ਼ਲ ਮੀਡੀਆ ਕੰਪਨੀਆਂ ਇਨ੍ਹੀਂ ਦਿਨੀਂ ਫਰਜ਼ੀ ਖ਼ਬਰਾਂ ’ਤੇ ਰੋਕ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਕੜੀ ਤਹਿਤ ਫੇਸਬੁੱਕ ਨੇ ਸਖ਼ਤੀ ਵਰਤਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਪੇਜ ’ਤੇ ਗਲਤ ਜਾਣਕਾਰੀ ਦਿੱਤੀ ਗਈ ਹੈ ਤਾਂ ਇਸ ਨੂੰ ਲੈ ਕੇ ਫੇਸਬੁੱਕ ਹੁਣ ਤੁਹਾਨੂੰ ਪਹਿਲਾਂ ਹੀ ਅਲਰਟ ਕਰੇਗੀ। ਫਰਜ਼ੀ ਖ਼ਬਰਾਂ ਸ਼ੇਅਰ ਕਰਨ ਵਾਲੇ ਪੇਜ ’ਤੇ ਤੁਹਾਨੂੰ ਇਹ ਅਲਰਟ ਵੇਖਣ ਨੂੰ ਮਿਲੇਗਾ। ਫੇਸਬੁੱਕ ਨੇ ਆਪਣੇ ਬਲਾਗ ’ਚ ਕਿਹਾ ਹੈ ਕਿ ਜੇਕਰ ਤੁਸੀਂ ਕਿਸੇ ਪੇਜ ਨੂੰ ਲਾਈਕ ਕੀਤਾ ਹੈ ਜਾਂ ਫਿਰ ਲਾਈਕ ਕਰਨ ਵਾਲੇ ਹੋ ਅਤੇ ਉਸ ਪੇਜ ’ਤੇ ਲਗਾਤਾਰ ਫਰਜ਼ੀ ਖ਼ਬਰਾਂ ਸ਼ੇਅਰ ਹੋ ਰਹੀਆਂ ਹਨ ਤਾਂ ਫੇਸਬੁੱਕ ਤੁਹਾਨੂੰ ਇਕ ਪਾਪਅਪ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦੇਵੇਗੀ।
ਨੋਟੀਫਿਕੇਸ਼ਨ ਰਾਹੀਂ ਯੂਜ਼ਰਸ ਨੂੰ ਕੀ ਦੱਸਿਆ ਜਾਵੇਗਾ
ਨੋਟੀਫਿਕੇਸ਼ਨ ’ਚ repeatedly shared false information ਲਿਖਿਆ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਇਕ learn more ਦਾ ਵੀ ਆਪਸ਼ਨ ਮਿਲੇਗਾ ਜਿਸ ’ਤੇ ਕਲਿੱਕ ਕਰਕੇ ਤੁਸੀਂ ਪੇਜ ਅਤੇ ਫਰਜ਼ੀ ਖ਼ਬਰਾਂ ਬਾਰੇ ਵਿਸਤਾਰ ਨਾਲ ਜਾਣ ਸਕੋਗੇ। ਫੇਸਬੁੱਕ ਨੇ ਇਹ ਵੀ ਕਿਹਾ ਹੈ ਕਿ ਉਹ ਅਜਿਹੇ ਫੇਸੁਬੱਕ ਪੇਜਾਂ ’ਤੇ ਜੁਰਮਾਨਾ ਲਗਾਉਣ ਜਾ ਰਹੀ ਹੈ ਜੋ ਲਗਾਤਾਰ ਫਰਜ਼ੀ ਪੋਸਟ ਅਤੇ ਖ਼ਬਰਾਂ ਸ਼ੇਅਰ ਕਰ ਰਹੇ ਹਨ।