ਫੇਸਬੁੱਕ ’ਤੇ ਲੱਗਾ ਵੱਡਾ ਦੋਸ਼, ਫੋਨ ਦੇ ਕੈਮਰੇ ਰਾਹੀਂ ਕਰ ਰਹੀ ਇੰਸਟਾਗ੍ਰਾਮ ਯੂਜ਼ਰਸ ਦੀ ਜਾਸੂਸੀ

09/18/2020 4:02:49 PM

ਗੈਜੇਟ ਡੈਸਕ– ਫੇਸਬੁੱਕ ਅਤੇ ਡਾਟਾ ਲੀਕ ਦਾ ਰਿਸ਼ਤਾ ਕਾਫੀ ਪੁਰਾਣਾ ਹੈ ਅਤੇ ਦਿਨੋਂ-ਦਿਨ ਗੂੜਾ ਹੁੰਦਾ ਜਾ ਰਿਹਾ ਹੈ। ਫੇਸਬੁੱਕ ਪਿਛਲੇ 14 ਸਾਲਾਂ ਤੋਂ ਡਾਟਾ ਲੀਕ ਨੂੰ ਲੈ ਕੇ ਮੁਆਫੀ ਮੰਗ ਰਹੀ ਹੈ ਪਰ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਰਹੀ। ਪਹਿਲਾਂ ਫੇਸਬੁੱਕ ਯੂਜ਼ਰਸ ਦਾ ਡਾਟਾ ਥਰਡ ਪਾਰਟੀ ਏਜੰਸੀ ਰਾਹੀਂ ਲੀਕ ਹੁੰਦਾ ਸੀ ਪਰ ਹੁਣ ਕੰਪਨੀ ਖ਼ੁਦ ਯੂਜ਼ਰਸ ਦੀ ਜਾਸੂਸੀ ਕਰਨ ਲੱਗੀ ਹੈ ਅਤੇ ਉਹ ਵੀ ਬਿਨ੍ਹਾਂ ਮਨਜ਼ੂਰੀ ਦੇ। 

ਹੁਣ ਕੀ ਹੈ ਨਵਾਂ ਵਿਵਾਦ
ਫੇਸਬੁੱਕ ’ਤੇ ਦੋਸ਼ ਲੱਗਾ ਹੈ ਕਿ ਉਹ ਇੰਸਟਾਗ੍ਰਾਮ ਯੂਜ਼ਰਸ ਦੀ ਜਾਸੂਸੀ ਉਨ੍ਹਾਂ ਦੀ ਮਨਜ਼ੂਰੀ ਦੇ ਬਿਨ੍ਹਾਂ ਕਰ ਰਹੀ ਹੈ। ਫੇਸਬੁੱਕ ਖ਼ਿਲਾਫ ਇਕ ਮੁਕਦਮਾ ਵੀ ਦਰਜ ਹੋਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਡਾਟਾ ਲਈ ਇੰਸਟਾਗ੍ਰਾਮ ਯੂਜ਼ਰਸ ਦੇ ਕੈਮਰੇ ਦੀ ਵਰਤੋਂ ਕੀਤੀ ਹੈ। ਰਿਪੋਰਟ ਮੁਤਾਬਕ, ਫੇਸਬੁੱਕ ਨੇ ਉਨ੍ਹਾਂ ਆਈਫੋਨ ਯੂਜ਼ਰਸ ਦਾ ਕੈਮਰਾ ਐਕਸੈਸ ਕੀਤਾ ਜੋ ਇੰਸਟਾਗ੍ਰਾਮ ’ਤੇ ਐਕਟਿਵ ਹੀ ਨਹੀਂ ਸਨ। ਹਾਲਾਂਕਿ, ਫੇਸਬੁੱਕ ਨੇ ਇਸ ਦੋਸ਼ ਤੋਂ ਇਹ ਕਹਿੰਦੇ ਹੋਏ ਪੱਲਾ ਝਾੜ ਲਿਆ ਹੈ ਕਿ ਇਹ ਇਕ ਬਗ ਕਾਰਨ ਹੋਇਆ ਹੈ। 

ਫੈਡਰਲ ਕੋਰਟ ’ਚ ਹੋਇਆ ਮੁਕਦਮਾ
ਸੈਨ ਫ੍ਰਾਂਸਿਸਕੋ ਦੀ ਫੈਡਰਲ ਕੋਰਟ ’ਚ ਵੀਰਵਾਰ ਨੂੰ ਨਿਊ ਜਰਸੀ ਦੀ ਇੰਸਟਾਗ੍ਰਾਮ ਯੂਜ਼ਰ ਬ੍ਰਿਟਨੀ ਕਾਂਡੀਟੀ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਫੇਸਬੁੱਕ ਯੂਜ਼ਰਸ ਦੇ ਕੈਮਰੇ ਦੀ ਵਰਤੋਂ ਜਾਣਬੁੱਝ ਕੇ ਆਪਣੇ ਫਾਇਦੇ ਲਈ ਕਰਦੀ ਹੈ ਤਾਂ ਜੋ ਉਸ ਨੂੰ ਯੂਜ਼ਰਸ ਦਾ ਨਿੱਜੀ ਡਾਟਾ ਪ੍ਰਾਪਤ ਹੋ ਸਕੇ। ਫੇਸਬੁੱਕ ’ਤੇ ਦੋਸ਼ ਹੈ ਕਿ ਉਹ ਯੂਜ਼ਰਸ ਦੇ ਨਿੱਜੀ ਡਾਟਾ ਲਈ ਚੋਰੀ-ਛੁਪੇ ਐਪ ਦੇ ਕੈਮਰੇ ਨੂੰ ਆਨ ਕਰਦੀ ਹੈ। 

ਪਹਿਲਾਂ ਵੀ ਦਰਜ ਹੋ ਚੁੱਕਾ ਹੈ ਮਾਮਲਾ
ਪਿਛਲੇ ਮਹੀਨੇ ਹੀ ਫੇਸਬੁੱਕ ਖ਼ਿਲਾਫ਼ ਇਕ ਮੁਕਦਮਾ ਦਰਜ ਹੋਇਆ ਸੀ। ਫੇਸਬੁੱਕ ’ਤੇ ਦੋਸ਼ ਹੈ ਕਿ ਉਹ ਯੂਜ਼ਰਸ ਦਾ ਬਾਇਓਮੈਟ੍ਰਿਕ ਡਾਟਾ ਲੈਣ ਲਈ ਫੇਸ਼ੀਅਲ ਰਿਕੋਗਨੀਸ਼ਨ ਤਕਨੀਕ ਦੀ ਵਰਤੋਂ ਕਰ ਰਹੀ ਹੈ। ਫੇਸਬੁੱਕ ’ਤੇ ਦੋਸ਼ ਹੈ ਕਿ ਉਸ ਨੇ ਕਰੀਬ 100 ਮਿਲੀਅਨ ਇੰਸਟਾਗ੍ਰਾਮ ਯੂਜ਼ਰਸ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ, ਫੇਸਬੁੱਕ ਨੇ ਦੋਸ਼ ਨੂੰ ਵੀ ਇਹ ਕਹਿੰਦੇ ਹੋਏ ਖਾਰਜ਼ ਕਰ ਦਿੱਤਾ ਕਿ ਉਹ ਇੰਸਟਾਗ੍ਰਾਮ ਪਲੇਟਫਾਰਮ ’ਤੇ ਫੇਸ ਰਿਕੋਗਨੀਸ਼ਨ ਦਾ ਇਸਤੇਮਾਲ ਕਰਦੀ ਹੀ ਨਹੀਂ। 


Rakesh

Content Editor

Related News