ਚੀਨ ਨੇ ਬਣਾਈ ਦੁਨੀਆ ਦੀ ਪਹਿਲੀ ਡਰਾਈਵਰਲੈੱਸ ਬੁਲੇਟ ਟ੍ਰੇਨ
Saturday, Jan 11, 2020 - 03:36 PM (IST)

ਗੈਜੇਟ ਡੈਸਕ– ਚੀਨ ਨੇ ਦੁਨੀਆ ਦੀ ਪਹਿਲੀ ਡਰਾਈਵਰਲੈੱਸ ਹਾਈ ਸਪੀਡ ਬੁਲੇਟ ਟ੍ਰੇਨ ਦਾ ਪ੍ਰੀਖਣ ਕੀਤਾ ਹੈ ਜੋ 350 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਦੀ ਹੈ। ਇਸ ਟ੍ਰੇਨ ਨੂੰ ਚੀਨ ਦੇ ਸ਼ਹਿਰ ਬੀਜਿੰਗ ਅਤੇ ਝਾਂਗਿਜਯਾਕੌ ਦੇ ਵਿਚਕਾਰ ਚਲਾਇਆ ਜਾਵੇਗਾ। ਇਸ ਨਾਲ 3 ਘੰਟਿਆਂ ਦਾ ਸਫਰ ਸਿਰਫ 47 ਮਿੰਟਾਂ ’ਚ ਹੀ ਤੈਅ ਕੀਤਾ ਜਾ ਸਕੇਗਾ। ਦੱਸ ਦੇਈਏ ਕਿ ਇਸ ਟ੍ਰੇਨ ਨੂੰ ਸਾਲ 2022 ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਧਿਆਨ ’ਚ ਰੱਖਦੇ ਹੋਏ ਲਿਆਇਆ ਜਾ ਰਿਹਾ ਹੈ।
10 ਸਟੇਸ਼ਨਾਂ ’ਤੇ ਰੁਕੇਗੀ ਇਹ ਟ੍ਰੇਨ
ਚੀਨ ਦੀ ਸਰਕਾਰੀ ਨਿਊਜ਼ ਏਜਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਇਸ ਟ੍ਰੇਨ ਦਾ ਸਫਲ ਪ੍ਰੀਖਣ ਹੋ ਗਿਆ ਹੈ ਅੇਤ ਕੁਲ ਮਿਲਾ ਕੇ ਇਸ ’ਤੇ 56,496 ਕਰੋੜ ਰੁਪਏ ਖਰਚ ਕੀਤੇ ਗਏ ਹਨ। ਚੀਨੀ ਰੇਲਵੇ ਜਿੰਗ ਜੈਂਗ ਦਾ ਕਹਿਣਾ ਹੈ ਕਿ ਇਸ ਟ੍ਰੇਨ ’ਚ ਯਾਤਰੀਆਂ ਨੂੰ ਖੂਬਸੂਰਤ ਲਾਈਟਨਿੰਗ ਦੇ ਨਾਲ ਆਰਾਮਦਾਇਕ ਯਾਤਰਾ ਦਾ ਵੀ ਅਨੁਭਵ ਮਿਲੇਗਾ। ਯਾਤਰਾ ਦੌਰਾਨ ਇਹ ਟ੍ਰੇਨ 10 ਸਟੇਸ਼ਨਾਂ ’ਤੇ ਰੁਕੇਗੀ।
ਟ੍ਰੇਨ ਨੂੰ ਬਣਾਉਣ ’ਚ ਲੱਗਾ 4 ਸਾਲ ਦਾ ਸਮਾਂ
ਖਾਸ ਗੱਲ ਇਹ ਹੈ ਕਿ ਇਸ ਟ੍ਰੇਨ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਬਿਨਾਂ ਚਾਲਕ ਦੌੜਨ ਵਾਲੀ ਦੁਨੀਆ ਦੀ ਪਹਿਲੀ ਸਮਾਰਟ ਹਾਈ ਸਪੀਡ ਟ੍ਰੇਨ ਹੈ ਜਿਸ ਨੂੰ ਬਣਾਉਣ ’ਚ 4 ਸਾਲਾਂ ਦਾ ਸਮਾਂ ਲੱਗਾ ਹੈ। ਇਸ ਵਿਚ 5ਜੀ ਕੁਨੈਕਟੀਵਿਟੀ, ਸੀਟ ਦੇ ਨਾਲ ਟੱਚਸਕਰੀਨ ਪੈਨਲਸ, ਇੰਟੈਲੀਜੈਂਟ ਲਾਈਟਨਿੰਗ, 2,718 ਸੈਂਸਰਜ਼, ਫੇਸ਼ੀਅਲ ਰਿਕੋਗਨੀਸ਼ਨ ਟੈਕਨਾਲੋਜੀ ਅਤੇ ਵਾਇਰਲੈੱਸ ਫੋਨ ਚਾਰਜਿੰਗ ਵਰਗੇ ਫੀਚਰਜ਼ ਮੌਜੂਦ ਹਨ। ਜਿੰਗ ਜੈਂਗ ਮੁਤਾਬਕ, ਇਸ ਡਰਾਈਵਰਲੈੱਸ ਟ੍ਰੇਨ ਦਾ ਨਾਂ ‘ਰਿਜੁਵੇਨੇਸ਼ਨ’ ਰੱਖਿਆ ਗਿਆ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕੀਤੀ ਗਈ ਇਹ ਟ੍ਰੇਨ ਫਿਲਹਾਲ ਟੈਸਟਿੰਗ ’ਚ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਸਾਲ 2021 ਤਕ ਇਸ ਨੂੰ ਹਾਈ ਸਪੀਡ ਟ੍ਰਾਂਸਪੋਰਟ ਨੈੱਟਵਰਕ ਦਾ ਅਹਿਮ ਹਿੱਸਾ ਬਣਾ ਦਿੱਤਾ ਜਾਵੇਗਾ।