ਭਾਰਤ ’ਚ ਵਧੀ ਲਗਜ਼ਰੀ ਕਾਰਾਂ ਦੀ ਮੰਗ, ਭਾਰਤੀਆਂ ਨੇ ਹਰ ਘੰਟੇ ’ਚ ਖ਼ਰੀਦੀਆਂ 4 ਕਾਰਾਂ

Thursday, Oct 13, 2022 - 05:36 PM (IST)

ਭਾਰਤ ’ਚ ਵਧੀ ਲਗਜ਼ਰੀ ਕਾਰਾਂ ਦੀ ਮੰਗ, ਭਾਰਤੀਆਂ ਨੇ ਹਰ ਘੰਟੇ ’ਚ ਖ਼ਰੀਦੀਆਂ 4 ਕਾਰਾਂ

ਆਟੋ ਡੈਸਕ : ਆਟੋਮੋਬਾਈਲ ਇੰਡਸਟਰੀ ਤੋਂ ਭਾਰਤੀ ਅਰਥਵਿਵਸਥਾ ਦੇ ਉੱਠਣ ਸਬੰਧੀ ਚੰਗੇ ਸੰਕੇਤ ਸਾਹਮਣੇ ਆਏ ਹਨ। ਸਾਲ 2022 ਦੇ ਪਹਿਲੇ 9 ਮਹੀਨਿਆਂ ਦੇ ਅੰਕੜਿਆਂ ਮੁਤਾਬਕ ਭਾਰਤੀਆਂ ਨੇ ਹਰ ਘੰਟੇ 4 ਲਗਜ਼ਰੀ ਵਾਹਨ ਖਰੀਦੇ ਹਨ। ਇੰਡਸਟਰੀ ਦੇ ਅਧਿਕਾਰੀਆਂ ਅਨੁਸਾਰ ਸਟਾਰਟ-ਅੱਪ ਮਾਲਕਾਂ ਅਤੇ ਨੌਜਵਾਨ ਪੇਸ਼ੇਵਰਾਂ ਦਾ ਖਰੀਦਦਾਰੀ ਵੱਲ ਵਧੇਰੇ ਰੁਝਾਨ ਹੈ। ਉਦਯੋਗ ਦਾ ਅੰਦਾਜ਼ਾ ਹੈ ਕਿ ਸਾਲ ਦੇ ਪਹਿਲੇ 9 ਮਹੀਨਿਆਂ ਵਿਚ ਇਸ ਹਿੱਸੇ 'ਚ 25 ਹਜ਼ਾਰ ਲਗਜ਼ਰੀ ਵਾਹਨ ਵੇਚੇ ਗਏ ਸਨ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 32% ਵੱਧ ਹੈ। ਦਿਲਚਸਪ ਗੱਲ ਇਹ ਹੈ ਕਿ ਸੁਪਰ-ਲਗਜ਼ਰੀ ਕਾਰਾਂ (2.5 ਕਰੋੜ ਰੁਪਏ ਤੋਂ ਵੱਧ ਦੀ ਕੀਮਤ) ਦੀ ਵਿਕਰੀ ਹੋਰ ਵੀ ਤੇਜ਼ ਰਫ਼ਤਾਰ ਨਾਲ ਵਧੀ ਹੈ ਅਤੇ ਮੌਜੂਦਾ ਕੈਲੰਡਰ ਸਾਲ ’ਚ 600-650 ਯੂਨਿਟ ਤੱਕ ਪਹੁੰਚਣ ਦੀ ਉਮੀਦ ਹੈ।

ਮਰਸਡੀਜ਼ ਬੈਂਜ਼ ਦੇ ਭਾਰਤ ਵਿਚ ਵਿਕਰੀ ਅਤੇ ਮਾਰਕੀਟਿੰਗ ਮਾਮਲਿਆਂ ਦੇ ਵਾਈਸ-ਪ੍ਰੈਜ਼ੀਡੈਂਟ ਸੰਤੋਸ਼ ਅਈਅਰ ਨੂੰ ਇਸ ਸਾਲ ਹੁਣ ਤਕ ਦੀ ਸਭ ਤੋਂ ਵਧੀਆ ਵਿਕਰੀ ਦਾ ਰਿਕਾਰਡ ਕਾਇਮ ਕਰਨ ਦੀ ਆਸ ਹੈ। ਕੰਪਨੀ ਵੱਲੋਂ ਸਾਲ ਦੇ ਪਹਿਲੇ 9 ਮਹੀਨਿਆਂ ਵਿਚ ਪਿਛਲੇ ਪੂਰੇ ਸਾਲ ਨਾਲੋਂ ਵੱਧ ਵਿਕਰੀ ਹੋ ਚੁੱਕੀ ਹੈ।

ਔਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਖਪਤਕਾਰਾਂ ਦੇ ਵਿਵਹਾਰ ਵਿਚ ਇਕ ਮਹੱਤਵਪੂਰਨ ਤਬਦੀਲੀ ਆਈ ਹੈ। ਜ਼ਿਆਦਾਤਰ ਨੌਜਵਾਨ, ਖਾਸ ਕਰਕੇ ਸਟਾਰਟ-ਅੱਪ ਮਾਲਕਾਂ ਅਤੇ ਨੌਜਵਾਨ ਪੇਸ਼ੇਵਰ ਛੋਟੀ ਉਮਰ ਵਿਚ ਲਗਜ਼ਰੀ ਦਾ ਅਨੁਭਵ ਕਰਨ ਵਿਚ ਦਿਲਚਸਪੀ ਦਿਖਾ ਰਹੇ ਹਨ।  ਲੈਂਬੋਰਗਿਨੀ ਇੰਡੀਆ ਦੇ ਮੁਖੀ ਸ਼ਰਦ ਅਗਰਵਾਲ ਨੇ ਕਿਹਾ ਕਿ ਇਸ ਸਾਲ ਵਿਕਰੀ ਨਵੇਂ ਸਿਖਰਾਂ 'ਤੇ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਸੁਪਰ ਲਗਜ਼ਰੀ ਕਾਰਾਂ ਦਾ ਰੁਝਾਨ ਕਾਇਮ ਹੈ।


author

Manoj

Content Editor

Related News