ਹੁਣ ਬਿਨਾਂ ਪਾਸਵਰਡ ਟਾਈਪ ਕੀਤੇ ਵੀ ਚਲਾ ਸਕੋਗੇ iCloud ਸਰਵਿਸ
Monday, Jul 08, 2019 - 05:49 PM (IST)

- ਐਪਲ ਨੇ ਸ਼ਾਮਲ ਕੀਤੀ ਫਿੰਗਰ ਅਤੇ ਫੇਸ ਸਕੈਨਿੰਗ ਦੀ ਸਪੋਰਟ
ਗੈਜੇਟ ਡੈਸਕ– ਐਪਲ ਯੂਜ਼ਰਜ਼ ਆਮਤੌਰ ’ਤੇ iCloud ਸਰਵਿਸ ਦਾ ਪਾਸਵਰਡ ਭੁੱਲ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਸਾਈਨ-ਇਨ ਕਰਨ ’ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਐਪਲ ਆਪਣੀ iCloud ਸਰਵਿਸ ’ਚ ਨਵੇਂ ਫੀਚਰ ਨੂੰ ਸ਼ਾਮਲ ਕਰਨ ਵਾਲੀ ਹੈ ਜੋ ਫੇਸ ਅਤੇ ਫਿੰਗਰ ਸਕੈਨਿੰਗ ਨਾਲ iCloud ਨੂੰ ਓਪਨ ਕਰਨ ਦੀ ਮਨਜ਼ੂਰੀ ਦੇਵੇਗਾ। ਯਾਨੀ ਹੁਣ ਤੁਹਾਨੂੰ ਪਾਸਵਰਡ ਯਾਦ ਰੱਖਣ ਦੀ ਵੀ ਲੋੜ ਨਹੀਂ ਹੋਵੇਗੀ।
ਇਸ ਕਾਰਨ ਲਿਆਇਆ ਜਾ ਰਿਹਾ ਇਹ ਫੀਚਰ
ਐਨਗੈਜੇਜ ਦੀ ਰਿਪੋਰਟ ਮੁਤਾਬਕ, ਯੂਜ਼ਰਜ਼ iCloud ਵੈੱਬਸਾਈਟ ਦਾ ਇਸਤੇਮਾਲ ਹਰ ਥਾਂ ਕਰਦੇ ਹਨ, ਜੇਕਰ ਕਿਸੇ ਅਣਜਾਣ ਡਿਵਾਈਸ ’ਤੇ ਇਸ ਸਰਵਿਸ ਨੂੰ ਓਪਨ ਕਰਨਾ ਹੋਵੇ ਤਾਂ ਪਾਸਵਰਡ ਐਂਟਰ ਕਰਨ ਦੀ ਲੋੜ ਹੁੰਦੀ ਹੈ ਪਰ ਜੇਕਰ ਉਸ ਸਮੇਂ ਪਾਸਵਰਡ ਭੁੱਲ ਜਾਵੇ ਤਾਂ ਕਾਫੀ ਸਮਾਂ ਬਰਬਾਦ ਹੁੰਦਾ ਹੈ। ਅਜਿਹੇ ’ਚ ਫੇਸ ਆਈ.ਡੀ. ਅਤੇ ਟੱਚ ਆਈ.ਡੀ. ਫੀਚਰ ਦੇ ਸਾਮਲ ਹੋਣ ਨਾਲ iCloud ਯੂਜ਼ਰਜ਼ ਨੂੰ ਕਾਫੀ ਸੁਵਿਧਾ ਰਹੇਗੀ।
ਸ਼ੁਰੂ ਹੋਈ ਟੈਸਟਿੰਗ
ਐਪਲ ਨੇ ਇਸ ਨਵੇਂ ਫੀਚਰ ਦੇ ਨਾਲ iCloud ਸਾਈਟ ਦੇ ਬੀਟਾ ਵਰਜਨ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਯੂਜ਼ਰਜ਼ ਨੂੰ ਬਸ iOS 13, iPadOS ਅਤੇ macOS Catalina ’ਚ iCloud ਦੇ ਨਵੇਂ ਵਰਜਨ ਨੂੰ ਇੰਸਟਾਲ ਕਰਨਾ ਹੋਵੇਗਾ ਜਿਸ ਤੋਂ ਬਾਅਦ ਸਾਈਨ ਇਨ ਨੂੰ ਲੈ ਕੇ ਯੂਜ਼ਰਜ਼ ਦੀ ਅੱਧੀ ਸਮੱਸਿਆ ਦੂਰ ਹੋ ਜਾਵੇਗੀ। ਹਾਲਾਂਕਿ ਇਸ ਗੱਲ ਦਾ ਅਜੇ ਪਤਾ ਨਹੀਂ ਲੱਗਾ ਕਿ ਐਪਲ ਨਵੀਂ ਆਈਕਲਾਊਡ ਅਪਡੇਟ ਕਦੋਂ ਲਾਈਵ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਸਤੰਬਰ ’ਚ ਇਸ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ।
ਵਧੇਗੀ iCloud ਦੀ ਸਕਿਓਰਿਟੀ
ਦੱਸ ਦੇਈਏ ਕਿ ਫੇਸ ਆਈ.ਡੀ. ਅਤੇ ਟੱਚ ਆਈ.ਡੀ. ਦੇ ਸ਼ਾਮਲ ਹੋਣ ਨਾਲ iCloud ਸਰਵਿਸ ਦੀ ਸਕਿਓਰਿਟੀ ਵੀ ਵਧੇਗੀ। ਉਥੇ ਹੀ ਡਾਟਾ ਦੇ ਗਲਤ ਹੱਥਾਂ ’ਚ ਲੱਗਣ ਦਾ ਰਿਸਕ ਵੀ ਨਹੀਂ ਰਹੇਗਾ।