ਅੰਮ੍ਰਿਤਸਰ ’ਚ ਨਾਰਕੋ-ਹਵਾਲਾ ਕਾਰਟੇਲ ਦਾ ਪਰਦਾਫਾਸ਼, 6 ਗ੍ਰਿਫ਼ਤਾਰ, DGP ਨੇ ਕੀਤੇ ਵੱਡੇ ਖ਼ੁਲਾਸੇ
Wednesday, Jun 11, 2025 - 11:49 AM (IST)
 
            
            ਚੰਡੀਗੜ੍ਹ/ਜਲੰਧਰ/ਅੰਮ੍ਰਿਤਸਰ (ਅੰਕੁਰ, ਧਵਨ, ਸੰਜੀਵ)- ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਅਰਸ਼ਦੀਪ ਸਿੰਘ, ਜੋ ਮੌਜੂਦਾ ਸਮੇਂ ਗੋਇੰਦਵਾਲ ਜੇਲ੍ਹ ’ਚ ਬੰਦ ਹੈ, ਵੱਲੋਂ ਚਲਾਏ ਜਾ ਰਹੇ ਸੰਗਠਿਤ ਨਾਰਕੋ-ਹਵਾਲਾ ਕਾਰਟੇਲ ਦੇ 6 ਕਾਰਕੁਨਾਂ ਨੂੰ 4.526 ਕਿਲੋਗ੍ਰਾਮ ਹੈਰੋਇਨ ਅਤੇ 8.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਇਸ ਕਾਰਟੇਲ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਜਾਣਕਾਰੀ ਬੀਤੇ ਦਿਨ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨਦੀਪ ਸਿੰਘ ਉਰਫ਼ ਕਰਨ (25) ਵਾਸੀ ਅਲਗੋਂ ਖ਼ੁਰਦ, ਤਰਨਤਾਰਨ, ਜਸਪ੍ਰੀਤ ਸਿੰਘ (20) ਵਾਸੀ ਸਲੋਦੀ, ਲੁਧਿਆਣਾ, ਅਰਸ਼ਦੀਪ ਸਿੰਘ ਉਰਫ਼ ਅਰਸ (22) ਵਾਸੀ ਮਹਿੰਦੀਪੁਰ, ਤਰਨਤਾਰਨ, ਗੁਰਮੀਤ ਸਿੰਘ ਉਰਫ਼ ਗੀਤੂ (24) ਵਾਸੀ ਸੁਖੇਰਾ ਬੋਦਲਾ, ਫਾਜ਼ਿਲਕਾ, ਰਜਿੰਦਰਪਾਲ ਸਿੰਘ ਉਰਫ਼ ਨਿੱਕਾ (24) ਵਾਸੀ ਕੋਲੋਵਾਲ, ਅੰਮ੍ਰਿਤਸਰ ਅਤੇ ਮਲਕੀਤ ਸਿੰਘ (28) ਵਾਸੀ ਹਵੇਲੀਆਂ, ਤਰਨਤਾਰਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਨੂੰ ਅੱਜ ਮਿਲਣ ਜਾ ਰਿਹੈ ਵੱਡਾ ਤੋਹਫ਼ਾ, CM ਭਗਵੰਤ ਮਾਨ ਕਰਨਗੇ ਉਦਘਾਟਨ
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਰਸ਼ਦੀਪ, ਆਪਣੇ ਸਾਥੀਆਂ ਜਸਪ੍ਰੀਤ ਅਤੇ ਕਰਨ ਨਾਲ ਮਿਲ ਕੇ ਨਸ਼ੇ ਵਾਲੇ ਪਦਾਰਥਾਂ ਦੇ ਵਪਾਰ ਅਤੇ ਹਵਾਲਾ ਲੈਣ-ਦੇਣ ਨੂੰ ਅੰਜਾਮ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਰਨ, ਗੁਰਮੀਤ ਅਤੇ ਰਾਜਿੰਦਰਪਾਲ ਮਿਲ ਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੰਡ ਰਹੇ ਸਨ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਨਸ਼ੇ ਵਾਲੇ ਪਦਾਰਥਾਂ ਦੇ ਵਪਾਰ ਤੋਂ ਹੋਣ ਵਾਲੀ ਕਮਾਈ ਜਸਪ੍ਰੀਤ ਵੱਲੋਂ ਹਵਾਲਾ ਚੈਨਲਾਂ ਜ਼ਰੀਏ ਦੁਬਈ, ਯੂ. ਏ. ਈ. ਰਾਹੀਂ ਪਾਕਿਸਤਾਨ ਭੇਜੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅਰਸ਼ਦੀਪ ਵੱਲੋਂ ਜੇਲ੍ਹ ਅੰਦਰ ਵਰਤਿਆ ਗਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ, ਜੋ ਉਨ੍ਹਾਂ ਦੀਆਂ ਸਰਹੱਦ ਪਾਰ ਦੀਆਂ ਸਰਗਰਮੀਆਂ ਬਾਰੇ ਮਹੱਤਵਪੂਰਨ ਸਬੂਤ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ: Punjab: 26 ਤੋਂ ਲੈ ਕੇ 29 ਜੂਨ ਲਈ ਹੋਇਆ ਵੱਡਾ ਐਲਾਨ, ਖੜ੍ਹੀ ਹੋਵੇਗੀ ਨਵੀਂ ਮੁਸੀਬਤ!
ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਹੋਰ ਵੇਰਵੇ ਸਾਂਝੇ ਕਰਦਿਆਂ ਪੁਲਸ ਕਮਿਸ਼ਨਰ (ਸੀ. ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਰਸ਼ਦੀਪ ਸਿੰਘ ਨੂੰ ਕਮਰਸ਼ੀਅਲ ਐੱਨ. ਡੀ. ਪੀ. ਐੱਸ. ਕੇਸ ਤਹਿਤ ਜੇਲ੍ਹ ’ਚ ਬੰਦ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਬੰਦ ਹੋਣ ਦੇ ਬਾਵਜੂਦ, ਉਸ ਨੇ ਸਰਹੱਦ ਪਾਰ ਦੇ ਸਮੱਗਲਰਾਂ ਨਾਲ ਸੰਪਰਕ ਬਣਾਈ ਰੱਖਿਆ। ਉਨ੍ਹਾਂ ਕਿਹਾ ਕਿ ਇਕ ਵੱਖਰੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮਲਕੀਤ ਸਿੰਘ ਇਕ ਬਦਨਾਮ ਸਮੱਗਲਰ ਹੈ ਅਤੇ ਉਸ ਨੇ ਇਕ ਸਾਲ ਦੁਬਈ ਵਿਚ ਬਿਤਾਇਆ ਸੀ, ਜਿੱਥੇ ਉਹ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿਚ ਆਇਆ। ਉਨ੍ਹਾਂ ਦੱਸਿਆ ਕਿ ਉਸ ਦੇ ਪਿੰਡ ਦੀ ਅੰਤਰਰਾਸ਼ਟਰੀ ਸਰਹੱਦ ਨਾਲ ਨੇੜਤਾ ਕਾਰਨ ਦੋਸ਼ੀ ਨੇ ਦੋ ਮਹੀਨੇ ਪਹਿਲਾਂ ਭਾਰਤ ਵਾਪਸ ਆ ਕੇ ਖੇਪਾਂ ਦੀ ਸਮੱਗਲਿੰਗ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ Good News, ਕੇਂਦਰ ਸਰਕਾਰ ਨੇ ਵੱਡੀ ਮੰਗ ਕੀਤੀ ਪੂਰੀ
ਸੀ. ਪੀ. ਨੇ ਕਿਹਾ ਕਿ ਡੀ.ਸੀ.ਪੀ. ਰਵਿੰਦਰਪਾਲ ਸਿੰਘ ਅਤੇ ਏ. ਡੀ. ਸੀ. ਪੀ. ਜਗਬਿੰਦਰ ਸਿੰਘ ਦੀ ਅਗਵਾਈ ਵਾਲੀਆਂ ਪੁਲਸ ਟੀਮਾਂ ਨੇ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ। ਉਨ੍ਹਾਂ ਦੱਸਿਆ ਕਿ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਪੁਲਸ ਟੀਮਾਂ ਨੇ ਉਨ੍ਹਾਂ ਦਾ ਮੋਟਰਸਾਈਕਲ, ਜਿਸ ਦੀ ਵਰਤੋਂ ਉਹ ਖੇਪਾ ਪਹੁੰਚਾਉਣ ਲਈ ਕਰ ਰਹੇ ਸਨ, ਵੀ ਜ਼ਬਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੈੱਟਵਰਕ ਦੇ ਸਥਾਨਕ ਅਤੇ ਅੰਤਰਰਾਸ਼ਟਰੀ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਐੱਨ. ਡੀ. ਪੀ. ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦੋ ਵੱਖ-ਵੱਖ ਐੱਫ਼. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Punjab: ਇਹ ਬਾਜ਼ਾਰ 23 ਤੋਂ 28 ਜੂਨ ਤੱਕ ਰਹਿਣਗੇ ਬੰਦ, ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            