iPhone 11 ਭਾਰਤ ’ਚ ਬਣਨਾ ਸ਼ੁਰੂ, ਘੱਟ ਹੋ ਸਕਦੀ ਹੈ ਕੀਮਤ

Friday, Jul 24, 2020 - 05:22 PM (IST)

iPhone 11 ਭਾਰਤ ’ਚ ਬਣਨਾ ਸ਼ੁਰੂ, ਘੱਟ ਹੋ ਸਕਦੀ ਹੈ ਕੀਮਤ

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਐਪਲ ਨੇ ਹੁਣ ਭਾਰਤ ’ਚ ਆਪਣਾ ਫਲੈਗਸ਼ਿਪ ਫੋਨ ਆਈਫੋਨ 11 ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਚੇਨਈ ਦੇ ਨੇੜੇ ਸਥਿਤ ਫਾਕਸਕੋਨ ਪਲਾਂਟ ’ਚ ਆਈਫੋਨ 11 ਦਾ ਉਤਪਾਦਨ ਸ਼ੁਰੂ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਆਪਣੇ ਕਿਸੇ ਟਾਪ ਮਾਡਲ ਦਾ ਨਿਰਮਾਣ ਭਾਰਤ ’ਚ ਕਰ ਰਹੀ ਹੈ। ਐਪਲ ਦੇ ਇਸ ਕਦਮ ਨਾਲ ਭਾਰਤ ਸਰਕਾਰ ਦੀ ‘ਮੇਕ ਇਨ ਇੰਡੀਆ’ ਮੁਹਿੰਮ ਨੂੰ ਵੀ ਬਲ ਮਿਲੇਗਾ। ਇਕਨੋਮਿਕਸ ਟਾਈਮਸ ਦੀ ਰਿਪੋਰਟ ਮੁਤਾਬਕ, ਐਪਲ ਚਰਣਬੱਧ ਤਰੀਕੇ ਨਾਲ ਉਤਪਾਦਨ ਦੀ ਰਫ਼ਤਾਰ ਤੇਜ਼ ਕਰੇਗੀ। ਨਾਲ ਹੀ ਕੰਪਨੀ ਭਾਰਤ ’ਚ ਬਣੇ ਆਈਫੋਨ ਨਿਰਯਾਤ ਕਰਨ ’ਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਚੀਨ ਤੋਂ ਉਸ ਦੀ ਨਿਰਭਰਤਾ ਘੱਟ ਹੋ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਚੀਨ ਅਤੇ ਅਮਰੀਕਾ ਵਿਚਕਾਰ ਟ੍ਰੇਡ ਵਾਰ ਅਤੇ ਕੋਰੋਨਾ ਵਾਇਰਸ ਆਦਿ ਮੁੱਦਿਆਂ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ, ਜਿਸ ਨਾਲ ਕੰਪਨੀਆਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। 

ਭਾਰਤ ’ਚ ਘੱਟ ਹੋ ਸਕਦੀ ਹੈ iPhone 11 ਦੀ ਕੀਮਤ
ਫਿਲਹਾਲ ਐਪਲ ਭਾਰਤ ’ਚ ਚੀਨ ’ਚ ਬਣੇ ਆਈਫੋਨ 11 ਹੈਂਡਸੈੱਟ ਵੀ ਵੇਚ ਰਹੀ ਹੈ। ਇਹੀ ਵਜ੍ਹਾ ਮੰਨੀ ਜਾ ਰਹੀ ਹੈ ਕਿ ਉਸ ਨੇ ਆਈਫੋਨ 11 ਦੀ ਕੀਮਤ ਘੱਟ ਨਹੀਂ ਕੀਤੀ। ਭਾਰਤ ’ਚ ਨਿਰਮਾਣ ਸ਼ੁਰੂ ਹੋਣ ਨਾਲ ਕੰਪਨੀ ਨੂੰ 22 ਫੀਸਦੀ ਇੰਪੋਰਟ ਡਿਊਟੀ ਦਾ ਫਾਇਦਾ ਹੋਵੇਗਾ। ਜਾਣਕਾਰਾਂ ਦਾ ਮੰਨਣਾ ਹੈ ਕਿ ਕੁਝ ਸਮੇਂ ਬਾਅਦ ਆਈਫੋਨ ਦੀਆਂ ਕੀਮਤਾਂ ’ਚ ਕਟੌਤੀ ਵੇਖਣ ਨੂੰ ਮਿਲ ਸਕਦੀ ਹੈ। ਦੱਸ ਦੇਈਏ ਕਿ ਭਾਰਤ ਮੋਬਾਇਲ ਬਾਜ਼ਾਰ ’ਚ ਐਪਲ ਦਾ 2-3 ਫੀਸਦੀ ਮਾਰਕੀਟ ਸ਼ੇਅਰ ਹੈ। 

ਸਟੋਰਾਂ ’ਤੇ ਪਹੁੰਚਣ ਲੱਗੇ ਭਾਰਤ ’ਚ ਬਣੇ ਆਈਫੋਨ
ਭਾਰਤ ’ਚ ਬਣੇ ਕੰਪਨੀ ਦੇ ਡਿਵਾਈਸ ਸਟੋਰਾਂ ’ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਆਈਫੋਨ 11 ਤੋਂ ਇਲਾਵਾ ਕੰਪਨੀ ਭਾਰਤ ’ਚ ਆਈਫੋਨ ਐਕਸ ਆਰ ਅਤੇ ਆਈਫੋਨ 7 ਦਾ ਵੀ ਉਤਪਾਦਨ ਕਰ ਰਹੀ ਹੈ। ਆਈਫੋਨ ਐਕਸ ਆਰ ਦਾ ਫਾਕਸਕਾਨ ਅਤੇ ਆਈਫੋਨ 7 ਦਾ ਵਿਸਟ੍ਰੋਨ ਫੈਕਟਰੀ ’ਚ ਉਤਪਾਦਨ ਕੀਤਾ ਜਾ ਰਿਹਾ ਹੈ। ਹਾਲਾਂਕਿ, ਕੰਪਨੀ ਵਲੋਂ ਇਸ ਸਬੰਧ ’ਚ ਕੋਈ ਪ੍ਰਤੀਕਿਰਿਆ ਨਹੀਂ ਆਈ। ਦੱਸ ਦੇਈਏ ਕਿ ਪਿਛਲੇ ਸਾਲ ਲਾਂਚ ਹੋਇਆ ਆਈਫੋਨ 11 ਕੰਪਨੀ ਦਾ ਭਾਰਤ ’ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਨ ਹੈ।


author

Rakesh

Content Editor

Related News