iPhone ਯੂਜ਼ਰਸ ਹੋ ਜਾਣ ਸਾਵਧਾਨ! Apple ਦੇ ਨਵੇਂ ਅਪਡੇਟ ਨੇ ਵਧਾਈਆਂ ਮੁਸ਼ਕਿਲਾਂ, ਫ਼ੋਨ ਹੋ ਰਹੇ ਨੇ ਫਰੀਜ਼
Thursday, Feb 05, 2026 - 12:27 PM (IST)
ਗੈਜੇਟ ਡੈਸਕ - ਐਪਲ ਨੇ ਹਾਲ ਹੀ 'ਚ ਆਈਫੋਨ ਯੂਜ਼ਰਸ ਲਈ iOS 26.2.1 ਅਪਡੇਟ ਜਾਰੀ ਕੀਤਾ ਸੀ, ਜਿਸ ਦਾ ਉਦੇਸ਼ ਫ਼ੋਨ 'ਚ ਜ਼ਰੂਰੀ ਫੀਚਰ ਜੋੜਨਾ ਅਤੇ ਦੂਜੀ ਪੀੜ੍ਹੀ ਦੇ AirTag ਲਈ ਸਪੋਰਟ ਮੁਹੱਈਆ ਕਰਵਾਉਣਾ ਸੀ। ਪਰ ਤਾਜ਼ਾ ਰਿਪੋਰਟਾਂ ਅਨੁਸਾਰ ਇਸ ਅਪਡੇਟ ਨੇ ਫ਼ੋਨ ਨੂੰ ਠੀਕ ਕਰਨ ਦੀ ਬਜਾਏ ਯੂਜ਼ਰਸ ਦੀਆਂ ਪਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਹਨ। ਨਵੇਂ ਸਾਫਟਵੇਅਰ ਵਰਜ਼ਨ ਨੂੰ ਇੰਸਟਾਲ ਕਰਨ ਤੋਂ ਬਾਅਦ ਯੂਜ਼ਰਸ ਨੂੰ ਸਿਸਟਮ ਕ੍ਰੈਸ਼ ਅਤੇ ਕਨੈਕਟੀਵਿਟੀ ਨਾਲ ਸਬੰਧਤ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
iPhone 16 Pro ਯੂਜ਼ਰਸ ਨੂੰ ਆ ਰਹੀਆਂ ਦਿੱਕਤਾਂ
ਖਾਸ ਤੌਰ 'ਤੇ iPhone 16 Pro ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ WhatsApp ਕਾਲ ਦੌਰਾਨ Instagram ਦੀ ਵਰਤੋਂ ਕਰਨ 'ਤੇ ਕਾਲ ਆਪਣੇ ਆਪ ਡਿਸਕਨੈਕਟ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਅਪਡੇਟ ਤੋਂ ਬਾਅਦ ਕਈ ਮਹੱਤਵਪੂਰਨ ਐਪਸ ਵਾਰ-ਵਾਰ ਕ੍ਰੈਸ਼ ਹੋ ਰਹੇ ਹਨ। ਐਪਲ ਦੇ ਕਮਿਊਨਿਟੀ ਫੋਰਮਾਂ 'ਤੇ ਯੂਜ਼ਰਸ ਨੇ ਦੱਸਿਆ ਹੈ ਕਿ ਫ਼ੋਨ ਦਾ ਸਿਸਟਮ ਵਾਰ-ਵਾਰ ਫਰੀਜ਼ ਹੋ ਰਿਹਾ ਹੈ ਅਤੇ ਕਨੈਕਟੀਵਿਟੀ ਫੇਲ੍ਹ ਹੋ ਰਹੀ ਹੈ।
ਸਟੋਰੇਜ ਅਤੇ ਵਰਤੋਂ 'ਚ ਵੱਡੀ ਰੁਕਾਵਟ
ਕਮਿਊਨਿਟੀ ਫੋਰਮ 'ਤੇ ਇਕ ਯੂਜ਼ਰ ਨੇ ਦੱਸਿਆ ਕਿ iOS 26.2.1 ਅਪਡੇਟ ਲਈ ਲਗਭਗ 30GB ਫ੍ਰੀ ਸਟੋਰੇਜ ਦੀ ਲੋੜ ਹੁੰਦੀ ਹੈ। ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਐਪਸ ਅਤੇ ਫਾਈਲਾਂ ਨੂੰ ਡਿਲੀਟ ਕਰਨ ਤੋਂ ਬਾਅਦ ਵੀ ਫ਼ੋਨ ਦੀ ਸਥਿਤੀ 'ਚ ਸੁਧਾਰ ਨਹੀਂ ਹੋ ਰਿਹਾ। ਫ਼ੋਨ ਨੂੰ ਰੀਬੂਟ (reboot) ਕਰਨ 'ਤੇ ਸਮੱਸਿਆ ਸਿਰਫ 10 ਮਿੰਟ ਲਈ ਠੀਕ ਹੁੰਦੀ ਹੈ ਅਤੇ ਫਿਰ ਉਹੀ ਸਥਿਤੀ ਦੁਬਾਰਾ ਪੈਦਾ ਹੋ ਜਾਂਦੀ ਹੈ।
ਐਪਲ ਨੇ ਅਜੇ ਤੱਕ ਨਹੀਂ ਦਿੱਤੀ ਸਫਾਈ
ਯੂਜ਼ਰਸ ਦਾ ਕਹਿਣਾ ਹੈ ਕਿ ਇਸ ਅਪਡੇਟ ਨੇ ਆਈਫੋਨ ਦੀ ਕਾਰਜਕੁਸ਼ਲਤਾ (functionality) ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ ਅਤੇ ਉਨ੍ਹਾਂ ਨੇ ਐਪਲ ਨੂੰ ਇਸ ਸਮੱਸਿਆ ਨੂੰ ਜਲਦੀ ਠੀਕ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਟੈਕਨਾਲੋਜੀ ਦਿੱਗਜ ਐਪਲ ਨੇ ਅਜੇ ਤੱਕ ਇਸ ਸਮੱਸਿਆ ਨੂੰ ਅਧਿਕਾਰਤ ਤੌਰ 'ਤੇ ਸਵੀਕਾਰ ਨਹੀਂ ਕੀਤਾ ਹੈ।
