ਜਿਓ ਨੂੰ ਜਵਾਬ, ਏਅਰਟੈੱਲ ਤੇ ਵੋਡਾ-ਆਈਡੀਆ ਨੇ ਵੀ ਰਿੰਗ ਟਾਈਮ ਘਟਾ ਕੇ ਕੀਤਾ 25 ਸੈਕਿੰਡ
Thursday, Oct 03, 2019 - 11:22 AM (IST)

ਗੈਜੇਟ ਡੈਸਕ– ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਆਪਣੇ ਨੈੱਟਵਰਕ ਤੋਂ ਜਾਣ ਵਾਲੀ ਕਾਲ ’ਤੇ ਰਿੰਗਰ ਟਾਈਮ ਨੂੰ ਘਟਾ ਕੇ 25 ਸੈਕਿੰਡ ਕਰ ਦਿੱਤਾ ਹੈ। ਕੰਪਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਰਿਲਾਇੰਸ ਜਿਓ ਦੇ ਅਜਿਹੇ ਹੀ ਕਦਮ ਦੇ ਜਵਾਬ ’ਚ ਇਹ ਕਦਮ ਚੁੱਕਿਆ ਹੈ। ਏਅਰਟੈੱਲ ਨੇ ਆਪਣੇ ਫੈਸਲੇ ਦੀ ਜਾਣਕਾਰੀ ਟਰਾਈ ਨੂੰ ਦੇ ਦਿੱਤੀ ਹੈ, ਜਦੋਂਕਿ ਸੂਤਰਾਂ ਨੇ ਕਿਹਾ ਕਿ ਵੋਡਾਫੋਨ-ਆਈਡੀਆ ਨੇ ਵੀ ਕੁਝ ਰਾਜਾਂ ’ਚ ਰਿੰਗ ਟਾਈਮ ਘਟਾਇਆ ਹੈ।
ਏਅਰਟੈੱਲ ਨੇ ਖੁਦ ਟਰਾਈ ਨੂੰ ਦਿੱਤੀ ਫੈਸਲੇ ਦੀ ਜਾਣਕਾਰੀ
ਏਅਰਟੈੱਲ ਨੇ 28 ਸਤੰਬਰ ਦੇ ਆਪਣੇ ਪੱਤਰ ’ਚ ਕਿਹਾ ਕਿ ਕਈ ਵਾਰ ਸ਼ਿਕਾਇਤਾਂ ਤੋਂ ਬਾਅਦ ਟਰਾਈ ਵਲੋਂ ਕੋਈ ਸਪੱਸ਼ਟ ਨਿਰਦੇਸ਼ ਨਹੀਂ ਦਿੱਤੇ ਜਾਣ ਕਾਰਨ ਉਸ ਨੂੰ ਰਿੰਗ ਟਾਈਮ ਘਟਾਉਣ ਦਾ ਫੈਸਲਾ ਲੈਣਾ ਪਿਆ। ਕੰਪਨੀ ਨੇ ਕਿਹਾ ਕਿ ਇਸ ਨਾਲ ਉਸ ਨੂੰ ਇੰਟਰਕੁਨੈਕਟ ਯੂਸੇਜ਼ ਸ਼ੁਲਕ (ਆਈ.ਯੂ.ਸੀ.) ’ਤੇ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ’ਚ ਮਦਦ ਮਿਲੇਗੀ। ਟਰਾਈ ਨੂੰ ਕੰਪਨੀ ਨੇ ਪੱਤਰ ’ਚ ਦੱਸਿਆ ਕਿ ਉਸ ਨੇ ਆਪਣੇ ਨੈੱਟਵਰਕ ’ਤੇ ਰਿੰਗਿੰਗ ਟਾਈਮਰ ਨੂੰ ਘਟਾ ਕੇ 25 ਸੈਕਿੰਡ ਕਰ ਦਿੱਤਾ ਹੈ। ਪਹਿਲਾਂ ਰਿੰਗ ਟਾਈਮ 45 ਸੈਕਿੰਡ ਸੀ ਪਰ ਏਅਰਟੈੱਲ ਨੇ ਪਿਹਲਾਂ ਦੋਸ਼ ਲਗਾਇਆ ਸੀ ਕਿ ਜਿਓ ਨੇ ਇਸ ਨੂੰ ਘਟਾ ਦਿੱਤਾ ਹੈ।
ਟਰਾਈ ਨੇ ਕੰਪਨੀਆਂ ਨੂੰ ਆਪਸੀ ਸਹਿਮਤੀ ਕਾਇਮ ਕਰਨ ਦੀ ਦਿੱਤੀ ਸਲਾਹ
ਟਰਾਈ ਨੇ ਕੰਪਨੀਆਂ ਨੂੰ ਕਿਹਾ ਹੈ ਕਿ ਜਦੋਂ ਤਕ ਉਹ ਇਸ ਮਾਮਲੇ ’ਤੇ ਵਿਚਾਰ ਪ੍ਰਕਿਰਿਆ ਪੂਰੀ ਕਰਦਾ ਹੈ, ਉਦੋਂ ਤਕ ਉਹ ਆਪਸੀ ਸਹਿਮਤੀ ਕਾਇਮ ਕਰਨ। ਟਰਾਈ ਦੇ ਇਕ ਸੂਤਰ ਨੇ ਦੱਸਿਆ ਕਿ ਇਸ ’ਤੇ 14 ਅਕਤੂਬਰ ਨੂੰ ਇਕ ਖੁਲੀ ਚਰਚਾ ਆਯੋਜਿਤ ਕੀਤੀ ਜਾ ਸਕਦੀ ਹੈ।