ਨਵਾਂ 3ਡੀ ਪ੍ਰਿੰਟਿਡ ਰੋਬੋਟ ਤਿਆਰ, ਰੇਤ ਤੇ ਪੱਥਰਾਂ ਨੂੰ ਦੇਵੇਗਾ ਮਾਤ
Thursday, May 18, 2017 - 01:22 PM (IST)

ਜਲੰਧਰ- ਵਿਗਿਆਨੀਆਂ ਨੇ ਚਾਰ ਲੱਤਾਂ ਵਾਲਾ ਅਜਿਹਾ ਪਹਿਲਾ 3ਡੀ ਪ੍ਰਿੰਟਿਡ ਰੋਬੋਟ ਤਿਆਰ ਕੀਤਾ ਹੈ ਜੋ ਆਪਣੇ ਰਸਤੇ ''ਚ ਆਉਣ ਵਾਲੀਆਂ ਰੁਕਾਵਟਾਂ ''ਤੇ ਚੜ੍ਹ ਸਕਦਾ ਹੈ। ਇਹ ਰੋਬੋਟ ਰੇਤ ਅਤੇ ਪੱਥਰ ਵਰਗੀਆਂ ਖਰਦਰੀਆਂ ਸਤ੍ਹਾਵਾਂ ''ਤੇ ਆਸਾਨੀ ਨਾਲ ਚੱਲ ਸਕਦਾ ਹੈ।
ਕੈਲੀਫੋਰਨੀਆ ਸਾਨ ਡਿਐਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਕਲ ਟੋਲੀ ਦੀ ਨਿਗਰਾਨੀ ''ਚ ਖੋਜਕਾਰਾਂ ਨੇ ਉੱਚ-ਪੱਧਰੀ 3ਡੀ ਪ੍ਰਿੰਟਿਡ ਦਾ ਇਸਤੇਮਾਲ ਕਰਕੇ ਨਰਮ ਅਤੇ ਸਖਤ ਸਮੱਗਰੀਆਂ ਨੂੰ ਇਕੱਠੇ ਮਿਲਾਇਆ ਹੈ। ਇਸ ਨਾਲ ਰੋਬੋਟ ਦੀਆਂ ਲੱਤਾਂ ਲਈ ਜ਼ਿਆਦਾ ਕੰਪਲੈਕਸ ਡਿਜ਼ਾਈਨ ਦੇਣਾ ਸੰਭਵ ਹੋ ਸਕਿਆ। ਟੋਲੀ ਨੇ ਕਿਹਾ ਕਿ ਨਰਮ ਅਤੇ ਸਖਤ ਸਮੱਗਰੀਆਂ ਨੂੰ ਮਿਲਾਉਣ ਨਾਲ ਨਵੀਂ ਪੀੜ੍ਹੀ ਦੇ ਕੁਸ਼ਲ ਰੋਬੋਟ ਬਣਾਉਣ ''ਚ ਮਦਦ ਮਿਲੇਗੀ ਜੋ ਜ਼ਿਆਦਾ ਆਸਾਨੀ ਨਾਲ ਜ਼ਰੂਰਤਾਂ ਮੁਤਾਬਕ ਢਲ ਸਕਣਗੇ। ਇਹ ਇਨਸਾਨਾਂ ਦੇ ਨਾਲ ਮਿਲ ਕੇ ਸੁਰੱਖਿਅਤ ਢੰਗ ਨਾਲ ਕੰਮ ਕਰ ਸਕਣਗੇ। ਖੋਜਕਾਰਾਂ ਨੇ ਰੋਬੋਟ ਨੂੰ ਇਕ ਰੱਸੀ ਨਾਲ ਬੰਨ੍ਹ ਕੇ ਚਟਾਨਾਂ, ਝੁਕੀਆਂ ਹੋਈਆਂ ਸਤ੍ਹਾਵਾਂ ਅਤੇ ਰੇਤ ''ਤੇ ਇਸ ਦਾ ਸਫਲ ਪ੍ਰੀਖਣ ਕੀਤਾ ਹੈ।