KTM ਨੇ ਪੇਸ਼ ਕੀਤੀ ਹਾਈ ਪਰਫਾਰਮੈਂਸ ਬਾਈਕ, ਤਿਆਰ ਕੀਤੀਆਂ ਜਾਣਗੀਆਂ ਸਿਰਫ 500 ਇਕਾਈਆਂ
Tuesday, Apr 13, 2021 - 12:19 PM (IST)
ਆਟੋ ਡੈਸਕ– ਕੇ.ਟੀ.ਐੱਮ. ਨੇ ਆਪਣੀ ਹਾਈ ਪਰਫਾਰਮੈਂਸ ਬਾਈਕ 1290 ਸੁਪਰ ਡਿਊਕ ਆਰ.ਆਰ. ਨੂੰ ਪੇਸ਼ ਕਰ ਦਿੱਤਾ ਹੈ। ਇਸ ਬਾਈਕ ਦੀਆਂ ਸਿਰਫ 500 ਇਕਾਈਆਂ ਹੀ ਤਿਆਰ ਕੀਤੀਆਂ ਜਾਣਗੀਆਂ। ਕੰਪਨੀ ਨੇ ਦੱਸਿਆ ਕਿ ਫਿਲਹਾਲ ਇਸ ਦੀ ਟੈਸਟਿੰਗ ਚੱਲ ਰਹੀ ਹੈ ਜਿਸ ਤੋਂ ਬਾਅਦ ਇਸ ਦਾ ਉਤਪਾਦਨ ਸ਼ੁਰੂ ਕੀਤਾ ਜਾਵੇਗਾ।
ਦੱਸ ਦੇਈਏ ਕਿ 1290 ਸੁਪਰ ਡਿਊਕ ਆਰ.ਆਰ., 1290 ਸੁਪਰ ਡਿਊਕ ਦਾ ਹੀ ਇਕ ਰਿਵਾਈਜ਼ਡ ਮਾਡਲ ਹੈ। ਇਸ ਬਾਈਕ ’ਚ 1301 ਸੀਸੀ ਦਾ ਵੀ-ਟਵਿਨ ਇੰਜਣ ਲਗਾਇਆ ਗਿਆ ਹੈ ਜੋ 180 ਬੀ.ਐੱਚ.ਪੀ. ਦੀ ਪਾਵਰ ਅਤੇ 140 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਨ ’ਚ ਸਮਰੱਥ ਹੈ। ਇਸ ਬਾਈਕ ਦਾ ਕੁਲ ਭਾਰ 180 ਕਿਲੋਗ੍ਰਾਮ ਹੈ ਅਤੇ ਇਹ ਆਪਣੇ ਪੁਰਾਣੇ ਮਾਡਲ ਨਾਲੋਂ 9 ਕਿਲੋਗ੍ਰਾਮ ਹਲਕੀ ਹੈ।
ਇਸ ਬਾਈਕ ਨੂੰ ਤਿਆਰ ਕਰਨ ਲਈ ਕਾਰਬਨ ਫਾਈਬਰ ਦੇ ਬਾਡੀ ਪੈਨਲ ਅਤੇ ਐਲੂਮੀਨੀਅਮ ਫਰੇਮ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ਵਿਚ ਕੰਪਨੀ ਨੇ ਸੁਪਰਲਾਈਟ ਲਿਥੀਅਮ ਆਇਨ ਬੈਟਰੀ ਲਗਾਈ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਬਾਈਕ ’ਚ ਕਰੂਜ਼ ਕੰਟਰੋਲ, ਸੁਪਰਮੋਟੋ ਡਿਊਲ ਚੈਨਲ ਏ.ਬੀ.ਐੱਸ., ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਅਤੇ ਕੀਅਲੈੱਸ ਆਪਰੇਸ਼ਨ ਵਰਗੇ ਆਧੁਨਿਕ ਫੀਚਰਜ਼ ਮਿਲਦੇ ਹਨ। ਬਾਈਕ ’ਚ 5-ਇੰਚ ਦਾ ਟੀ.ਐੱਫ.ਟੀ. ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ।