ਮੋਬਾਇਲ ਅਤੇ ਅਸੈੱਸਰੀਜ਼ ''ਤੇ ਲੱਗਾ 10 ਫੀਸਦੀ ਸਰਹੱਦੀ ਟੈਕਸ
Sunday, Jul 02, 2017 - 12:02 PM (IST)

ਦਰਾਮਦ ਕੀਤੇ ਫੋਨ ਹੋ ਸਕਦੇ ਹਨ ਮਹਿੰਗੇ
ਜਲੰਧਰ- ਸਰਕਾਰ ਨੇ ਅੱਜ ਤੋਂ ਮੋਬਾਇਲਾਂ ਅਤੇ ਅਸੈੱਸਰੀਜ਼ ਦੀ ਦਰਾਮਦ 'ਤੇ 10 ਫੀਸਦੀ ਬੇਸਿਕ ਸਰਹੱਦੀ ਟੈਕਸ ਲਾ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਦਰਾਮਦ ਕੀਤੇ ਫੋਨ ਮਹਿੰਗੇ ਹੋ ਸਕਦੇ ਹਨ। ਵਿੱਤ ਮੰਤਰਾਲਾ ਨੇ ਅੱਜ ਦੱਸਿਆ ਕਿ ਮੋਬਾਇਲ ਫੋਨ, ਉਨ੍ਹਾਂ ਦੇ ਚਾਰਜਰ, ਬੈਟਰੀ, ਹੈਂਡਸੈੱਟ, ਮਾਈਕ੍ਰੋਫੋਨ ਅਤੇ ਰਸੀਵਰ, ਕੀ-ਪੈਡ, ਯੂ. ਐੱਸ. ਬੀ. ਕੇਬਲ ਆਦਿ 'ਤੇ 1 ਜੁਲਾਈ ਤੋਂ 10 ਫੀਸਦੀ ਬੇਸਿਕ ਸਰਹੱਦੀ ਟੈਕਸ ਲਾਇਆ ਗਿਆ ਹੈ।
ਸਰਕਾਰ ਨੇ ਸੂਚਨਾ ਟੈਕਨਾਲੋਜੀ ਸਮਝੌਤਾ (ਆਈ. ਟੀ. ਏ.) ਇਕ ਤੋਂ ਬਾਹਰ ਦੇ ਇਲੈਕਟ੍ਰਾਨਿਕ/ਆਈ. ਟੀ./ਦੂਰਸੰਚਾਰ ਉਤਪਾਦਾਂ 'ਤੇ ਸਰਹੱਦੀ ਟੈਕਸ ਵਧਾਉਣ ਤੇ ਸੰਭਾਵਿਤ ਉਤਪਾਦਾਂ ਦੀ ਪਛਾਣ ਲਈ ਇਕ ਅੰਤਰਮੰਤਰਾਲਈ ਕਮੇਟੀ ਬਣਾਈ ਸੀ। ਇਸ 'ਚ ਇਲੈਕਟ੍ਰਾਨਿਕ ਤੇ ਸੂਚਨਾ ਟੈਕਨਾਲੋਜੀ ਮੰਤਰਾਲਾ, ਵਣਜ ਵਿਭਾਗ, ਦੂਰਸੰਚਾਰ ਵਿਭਾਗ ਅਤੇ ਮਾਲੀਆ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ। ਕਮੇਟੀ ਦੀ ਸਿਫਾਰਿਸ਼ 'ਤੇ ਦਰਾਮਦ ਕੀਤੇ ਮੋਬਾਇਲ ਫੋਨਾਂ ਅਤੇ ਅਸੈੱਸਰੀਜ਼ 'ਤੇ ਸਰਹੱਦੀ ਟੈਕਸ ਲਾਇਆ ਗਿਆ ਹੈ।
'ਮੇਕ ਇਨ ਇੰਡੀਆ' ਨੂੰ ਉਤਸ਼ਾਹਿਤ ਕਰਨ ਲਈ ਅਤੇ ਦੇਸ਼ 'ਚ ਬਣੇ ਉਤਪਾਦਾਂ ਨੂੰ ਮੁਕਾਬਲੇਬਾਜ਼ੀ 'ਚ ਬਣਾਈ ਰੱਖਣ ਲਈ ਮੋਬਾਇਲਾਂ ਲਈ ਪ੍ਰਿੰਟੇਡ ਸਰਕਟ ਬੋਰਡ ਅਸੈਂਬਲੀ, ਕੈਮਰਾ ਮਾਡਿਊਲ, ਕੁਨੈਕਟਰਸ ਡਿਸਪਲੇਅ ਅਸੈਂਬਲੀ, ਟੱਚ ਪੈਨਲ/ਕਵਰ ਗਲਾਸ ਅਸੈਂਬਲੀ, ਵਰਾਈਬ੍ਰੇਟਰ ਮੋਟਰ/ਰਿੰਗਰ ਆਦਿ 'ਤੇ ਬੇਸਿਕ ਸਰਹੱਦੀ ਟੈਕਸ 'ਚ ਜਾਰੀ ਛੋਟ ਨੂੰ ਉਸੇ ਤਰ੍ਹਾਂ ਰੱਖਿਆ ਗਿਆ ਹੈ। ਨਾਲ ਹੀ ਮੋਬਾਇਲਾਂ ਅਤੇ ਅਸੈੱਸਰੀਜ਼ ਦੇ ਉਤਪਾਦਨ 'ਚ ਕੰਮ ਆਉਣ ਵਾਲੇ ਕੱਚੇ ਮਾਲ 'ਤੇ ਵੀ ਛੋਟ ਜਾਰੀ ਰਹੇਗੀ। ਮੰਤਰਾਲਾ ਨੇ ਦੱਸਿਆ ਕਿ ਇਸ ਸਬੰਧੀ ਸ਼ੁੱਕਰਵਾਰ ਨੂੰ ਸੂਚਨਾ ਜਾਰੀ ਕਰ ਦਿੱਤੀ ਗਈ ਹੈ।