35 ਲੱਖ ਦੀ ਡਰੱਗ ਮਨੀ ਅਤੇ ਅਸਲੇ ਸਣੇ ਦੋ ਸਮੱਗਲਰ ਕਾਬੂ
Saturday, Jul 29, 2023 - 02:45 PM (IST)

ਫਾਜ਼ਿਲਕਾ (ਨਾਗਪਾਲ) : ਸਥਾਨਕ ਪੁਲਸ ਦੇ ਸੀ. ਆਈ. ਏ. ਸਟਾਫ਼ ਨੇ 35 ਲੱਖ ਰੁਪਏ ਦੀ ਡਰੱਗ ਮਨੀ, ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਮੇਤ ਪਹਿਲਾਂ ਤੋਂ ਹੀ ਹੈਰੋਇਨ ਬਰਾਮਦੀ ਮਾਮਲੇ ’ਚ ਨਾਮਜ਼ਦ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਪੀ. ਮਨਜੀਤ ਸਿੰਘ ਨੇ ਦੱਸਿਆ ਕਿ 24 ਅਪ੍ਰੈਲ ਨੂੰ ਥਾਣਾ ਸਦਰ ਵਲੋਂ 36.915 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ’ਚ ਦੋ ਸਮੱਗਲਰ ਫ਼ਰਾਰ ਸਨ। ਉਨ੍ਹਾਂ ਦੱਸਿਆ ਕਿ ਕੇਸ ’ਚ ਵਿੱਕੀ ਵਾਸੀ ਪਿੰਡ ਦੋਨਾ ਨਾਨਕਾ ਫਾਜ਼ਿਲਕਾ ਅਤੇ ਸੁਖਵਿੰਦਰ ਸਿੰਘ ਉਰਫ ਸੋਨੂੰ ਵਾਸੀ ਜ਼ਿਲ੍ਹਾ ਸ੍ਰੀਗੰਗਾਨਗਰ ਰਾਜਸਥਾਨ ਨੂੰ ਨਾਮਜ਼ਦ ਕੀਤਾ ਗਿਆ ਹੈ। ਦੋਵੇਂ ਇੰਨੇ ਸਮੇਂ ਤੋਂ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਸਨ। ਸੀ. ਆਈ. ਏ. ਫਾਜ਼ਿਲਕਾ ਦੇ ਇੰਚਾਰਜ ਅਮਰਿੰਦਰ ਸਿੰਘ ਨੇ ਦੋਵਾਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰ ਕੇ ਉਨ੍ਹਾਂ ਕੋਲੋਂ 35 ਲੱਖ ਰੁਪਏ ਦੀ ਡਰੱਗ ਮਨੀ, ਇਕ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।