ਮੰਗਾਂ ਸਬੰਧੀ ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰਾਂ ਨੇ ਡਿਪੂ ’ਤੇ ਦਿੱਤਾ ਧਰਨਾ

12/12/2018 3:41:35 PM

ਫਿਰੋਜ਼ਪੁਰ (ਕੁਮਾਰ, ਮਨਦੀਪ, ਮਲਹੋਤਰਾ, ਕੁਲਦੀਪ, ਸ਼ੈਰੀ, ਪਰਮਜੀਤ)– ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਸਰਕਾਰ ਤੇ ਜਨਰਲ ਮੈਨੇਜਰ ਖਿਲਾਫ ਧਰਨਾ ਦਿੱਤਾ। ਇਸ ਦੌਰਾਨ ਕਰਮਚਾਰੀਆਂ ਨੇ ਸਬ-ਡਿਪੂ ਜ਼ੀਰਾ ’ਤੇ ਮੁਕੰਮਲ ਹਡ਼ਤਾਲ ਅਤੇ ਮੈਨੇਜਮੈਂਟ ਖਿਲਾਫ ਪਿਟ-ਸਿਆਪਾ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਅਾਂ ਆਗੂਆਂ ਨੇ ਕਿਹਾ ਕਿ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਧੁੰਦ ਦੇ ਮੌਸਮ ’ਚ ਬੀਤੇ ਸਾਲ ਬਹੁਤ ਵੱਡਾ ਹਾਦਸਾ ਹੋਇਆ ਸੀ ਅਤੇ ਉਸ ਵਿਚ ਡਰਾਈਵਰ ਸਮੇਤ ਕਈ ਕੀਮਤੀ ਜਾਨਾਂ ਗਈਆਂ ਸਨ, ਜਦਕਿ ਯੂਨੀਅਨ ਵੱਲੋਂ ਸਰਦੀ ਦੇ ਮੌਸਮ ’ਚ ਧੁੰਦ ਹੋਣ ਕਾਰਨ ਲਿਖਤੀ ਤੌਰ ’ਤੇ ਨੋਟਿਸ ਦੇ ਕੇ ਬੱਸਾਂ ’ਚ ਫੌਗ ਲਾਈਟਾਂ ਲਵਾਉਣ ਤੇ ਬੱਸਾਂ ਦੀ ਰਿਪੇਅਰ ਕਰਵਾਉਣ ਦੀ ਮੰਗ ਕੀਤੀ ਗਈ ਸੀ ਪਰ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਜਨਰਲ ਮੈਨੇਜਰ ਵੱਲੋਂ ਕਰਮਚਾਰੀਆਂ ਦੀ ਤਨਖਾਹ ਲੇਟ ਕਰ ਕੇ ਉਨ੍ਹਾਂ ਦਾ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਦਕਿ ਸਾਡੀ ਮੰਗ ਹੈ ਕਿ ਹਰ ਕਰਮਚਾਰੀਆਂ ਦੀ ਤਨਖਾਹ 7 ਤਾਰੀਖ ਤੱਕ ਜਾਰੀ ਕੀਤੀ ਜਾਵੇ। ਇਸ ਤੋਂ ਇਲਾਵਾ ਮੈਨੇਜਮੈਂਟ ਵੱਲੋਂ ਜੋ ਪ੍ਰਾਈਵੇਟ ਕਾਰਪੋਰੇਸ਼ਨਾਂ ਨੂੰ ਲਾਭ ਦੇਣ ਦੀਆਂ ਨੀਤੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਨੂੰ ਰੱਦ ਕੀਤਾ ਜਾਵੇ, ਨਹੀਂ ਤਾਂ ਕਰਮਚਾਰੀ ਸੰਘਰਸ਼ ਹੋਰ ਤੇਜ਼ ਕਰਨਗੇ। ਪ੍ਰਦਰਸ਼ਨੀਆਂ ਨੇ ਕਿਹਾ ਕਿ ਕਰਚਮਾਰੀ ਆਪਣੀਆਂ ਮੰਗਾਂ ਸਬੰਧੀ 12 ਦਸੰਬਰ ਨੂੰ ਸ੍ਰੀ ਮੁਕਤਸਰ ਸਾਹਿਬ, ਮੋਗਾ, ਜਗਰਾਓਂ, ਲੁਧਿਆਣਾ ਤੇ ਪੱਟੀ ਵਿਚ ਬੰਦ ਕਰਨਗੇ ਅਤੇ ਜੇਕਰ ਫਿਰ ਵੀ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ 18 ਡਿਪੂ ਬੰਦ ਕੀਤੇ ਜਾਣਗੇ। ਇਸ ਮੌਕੇ ਜਤਿੰਦਰ ਸਿੰਘ, ਕੰਵਲਜੀਤ ਸਿੰਘ, ਰਾਜਿੰਦਰ ਸਿੰਘ, ਸੁਖਪਾਲ ਸਿੰਘ, ਸੋਰਵ ਮੈਨੀ, ਹਰਜੀਤ ਸਿੰਘ, ਬਾਜ ਸਿੰਘ ਆਦਿ ਮੌਜੂਦ ਸਨ।


Related News