ਜਲਾਲਾਬਾਦ ’ਚ ਦਰਦਨਾਕ ਸੜਕ ਹਾਦਸੇ ਨੇ ਇਕ ਦੀ ਮੌਤ, ਪਰਿਵਾਰ ਮਚਿਆ ਕੋਹਰਾਮ
Friday, Dec 20, 2024 - 06:21 PM (IST)
ਜਲਾਲਾਬਾਦ (ਜਤਿੰਦਰ,ਆਦਰਸ਼) : ਵੀਰਵਾਰ ਦੀ ਬੀਤੀ ਦੇਰ ਸ਼ਾਮ ਨੂੰ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ’ਤੇ ਸਥਿਤ ਪਿੰਡ ਲੱਧੂ ਵਾਲਾ ਉਤਾੜ ਦੇ ਕੋਲ ਇਕ ਟਰੈਕਟਰ ਟਰਾਲੀ ਚਾਲਕ ਨੂੰ ਬੇਰਹਿਮੀ ਨਾਲ ਇਕ ਘੋੜਾ ਟਰਾਲਾ ਚਾਲਕ ਵੱਲੋਂ ਦਰੜਣ ਕਾਰਣ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਦਿਆਲ ਸਿੰਘ ਪੁੱਤਰ ਕਸ਼ਮੀਰ ਸਿੰਘ ਉਮਰ ਲਗਭਗ 46 ਸਾਲ ਦੀ ਧਰਮਪਤਨੀ ਨੇ ਬਲਜੀਤ ਕੌਰ ਵਾਸੀ ਟਿਵਾਣਾ ਕਲਾਂ ਨੇ ਦੱਸਿਆ ਕਿ ਉਸ ਦਾ ਪਤਨੀ ਇਕ ਟਰੈਕਟਰ ਟਰਾਲੀ ’ਤੇ ਡਰਾਇਵਰੀ ਕਰਦਾ ਸੀ, ਉਸ ਦੇ ਸਮੇਤ ਉਸ ਦੀ 9 ਸਾਲਾਂ ਧੀ ਸਹਿਜਪ੍ਰੀਤ ਕੌਰ ਦਾ ਪਾਲਣ ਪੋਸ਼ਣ ਕਰਦਾ ਹੈ। ਮ੍ਰਿਤਕ ਦੀ ਪਤਨੀ ਨੇ ਭਰੀਆਂ ਅੱਖਾਂ ਨਾਲ ਦਰਦ ਬਿਆਨ ਕਰਦੇ ਕਿਹਾ ਕਿ ਉਸ ਦਾ ਪਤੀ ਬੀਤੀ ਰਾਤ ਨੂੰ ਮੰਡੀ ਲਾਧੂਕਾ ਤੋਂ ਬਰਾਂਦਾ ਭਰ ਕੇ ਵਾਪਸ ਆ ਰਿਹਾ ਸੀ ਤਾਂ ਉਸ ਦੇ ਟਰੈਕਟਰ ਦੇ ਟਾਇਰ ’ਚੋਂ ਅਚਾਨਕ ਹਵਾ ਨਿਕਲਣੀ ਸ਼ੁਰੂ ਹੋਈ ਤਾਂ ਉਸ ਨੇ ਟਰੈਕਟਰ ਟਰਾਲੀ ਨੂੰ ਸਾਈਡ ’ਤੇ ਰੋਕ ਕੇ ਚੈੱਕ ਕਰ ਰਿਹਾ ਸੀ ਤਾਂ ਇੰਨੇ ਨੂੰ ਫ਼ਾਜ਼ਿਲਕਾ ਵੱਲੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰਾਲਾ ਚਾਲਕ ਨੇ ਲਾਪ੍ਰਵਾਹੀ ਨਾਲ ਟੱਕਰ ਮਾਰ ਦਿੱਤੀ ਅਤੇ ਉਸ ਦੇ ਪਤੀ ਨੂੰ ਬੁਰੀ ਤਰ੍ਹਾਂ ਦਰੜ ਦੇਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਜਲਾਲਾਬਾਦ ਦੇ ਡਿਊਟੀ ਅਫਸਰ ਬਿਸ਼ਨ ਚੰਦ ਨੇ ਕਿਹਾ ਕਿ ਮ੍ਰਿਤਕ ਦੇ ਭਰਾ ਹਰਭਜਨ ਸਿੰਘ ਵਾਸੀ ਜੋਧਾ ਭੈਣੀ ਦੇ ਬਿਆਨਾਂ ’ਤੇ ਅਣਪਾਛਤੇ ਟਰਾਲਾ ਚਾਲਕ ਵਿਰੁੱਧ ਕਾਰਵਾਈ ਅਮਲ ’ਚ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਘਟਨਾ ਸਥਾਨ ਤੋਂ ਟਰਾਲੇ ਨੂੰ ਪੁਲਸ ਕਬਜ਼ੇ ’ਚ ਲੈਣ ਲਿਆ ਗਿਆ ਹੈ ਅਤੇ ਟਰਾਲਾ ਚਾਲਕ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਦਾ ਪੋਸਟਮਾਰਟ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।