ਮਾਮੂਲੀ ਤਕਰਾਰ ਦੇ ਚੱਲਦਿਆਂ ਬੱਸ ''ਚੋਂ ਉਤਾਰ ਕੇ ਵਿਦਿਆਰਥੀਆਂ ਉਪਰ ਹਮਲਾ
Tuesday, Aug 18, 2026 - 03:04 PM (IST)
ਫ਼ਰੀਦਕੋਟ (ਜਗਦੀਸ਼) : ਕੁਝ ਦਿਨ ਪਹਿਲਾਂ ਹੋਈ ਤਕਰਾਰ ਦੇ ਚੱਲਦਿਆਂ ਪਿੰਡ ਬਰਕੰਦੀ ਨਿਵਾਸੀ ਦਲਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਦੀ 6 ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ ਸੱਟਾਂ ਮਾਰਣ ਦਾ ਮਾਮਲਾ ਸਾਹਮਣੇ ਆਇਆ ਹੈ। ਦਲਜੀਤ ਸਿੰਘ (21) ਨੇ ਪੁਲਸ ਨੂੰ ਬਿਆਨ ਕੀਤਾ ਕਿ ਉਹ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਪੜ੍ਹਾਈ ਕਰ ਰਿਹਾ ਹੈ। ਬਿਆਨ ਕਰਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਚਾਚੇ ਦੇ ਲੜਕੇ ਗੁਰਪ੍ਰੀਤ ਸਿੰਘ ਸਮੇਤ ਜ਼ਰੂਰੀ ਕੰਮ ਲਈ ਬੱਸ 'ਤੇ ਜਾ ਰਹੇ ਸਨ ਤਾਂ ਗੋਰਾ ਸਿੰਘ, ਜਸਵੀਰ ਸਿੰਘ, ਗੈਵੀ ਸਿੰਘ, ਜਸਪਾਲ ਸਿੰਘ ਸਾਰੇ ਵਾਸੀ ਬਰਕੰਦੀ ਅਤੇ ਸੁਰਿੰਦਰ ਤੇ ਵਿੱਕੀ ਸਿੰਘ ਵਾਸੀ ਜੈਤੋ ਨੇ ਉਨ੍ਹਾਂ ਨੂੰ ਬਿਸ਼ਨੰਦੀ ਬੱਸ ਅੱਡੇ ਵਿਚ ਬੱਸ ''ਚੋਂ ਉਤਾਰ ਕੇ ਮਾਰੂ ਹਥਿਆਰਾਂ ਨਾਲ ਦੋਵਾਂ ਦੀ ਕੁੱਟਮਾਰ ਕਰਕੇ ਸੱਟਾਂ ਮਾਰੀਆਂ।
ਬਿਆਨ ਕਰਤਾ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਕਿ ਉਸਦੀ ਵਿੱਕੀ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਜਿਸਦੀ ਰੰਜਿਸ਼ ਵਿਚ ਉਕਤ ਸਾਰਿਆਂ ਨੇ ਸੱਟਾਂ ਮਾਰੀਆਂ। ਬਿਆਨਾਂ ''ਤੇ ਥਾਣਾ ਜੈਤੋ ਵਿਖੇ ਉਕਤ ਸਾਰਿਆਂ ''ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸਹਾਇਕ ਥਾਣੇਦਾਰ ਇਕਬਾਲ ਸਿੰਘ ਫ਼ਰੀਦਕੋਟ ਨੂੰ ਸੌਂਪ ਦਿੱਤੀ ਗਈ ਹੈ।
