ਮੁਕਤਸਰ ਪੁਲਸ ਨੂੰ ਮਿਲੀ ਸਫ਼ਲਤਾ, ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਮੁੱਖ ਸਰਗਨਾ ਗ੍ਰਿਫ਼ਤਾਰ
Monday, May 29, 2023 - 04:39 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ ਤਨੇਜਾ, ਖੁਰਾਣਾ) : ਜ਼ਿਲ੍ਹਾ ਪੁਲਸ ਨੇ ਲੁਟੇਰੇ ਗਿਰੋਹ ਦਾ ਮੁੱਖ ਸਰਗਨਾ ਨੂੰ ਕਾਬੂ ਕੀਤਾ ਹੈ, ਜਿਸਨੇ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ ਦੋਸ਼ੀ ਦੇ ਖ਼ਿਲਾਫ਼ ਅਨੇਕਾਂ ਕੇਸ ਦਰਜ ਹਨ। ਇਸ ਗੱਲ ਦਾ ਖ਼ੁਲਾਸਾ ਐੱਸ. ਐੱਸ. ਪੀ. ਹਰਮਨਬੀਰ ਸਿੰਘ ਗਿੱਲ ਨੇ ਮੁਕਤਸਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਲੁਟੇਰੇ ਗਿਰੋਹ ਦਾ ਮੁੱਖ ਸਰਗਨਾ ਪ੍ਰਿੰਸੀਪਲ ਉਰਫ਼ ਪ੍ਰਿੰਸ ਪੁੱਤਰ ਜਸਵੰਤ ਸਿੰਘ ਵਾਸੀ ਲੱਖੇਵਾਲੀ ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਸੀ। ਇਸੇ ਮਹੀਨੇ 3 ਮਈ ਨੂੰ ਲੱਖੇਵਾਲੀ ਵਾਸੀ ਜਸਕਰਨ ਸਿੰਘ ਪੁੱਤਰ ਅੰਗਰੇਜ਼ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਨੰਦਗੜ ਰੋਡ ਸਥਿਤ ਪੈਟਰੋਲ ਪੰਪ ’ਤੇ 2 ਮਈ ਨੂੰ ਰਾਤ ਕਰੀਬ 9 ਵਜੇ ਦੋ ਮੋਟਰਸਾਈਕਲਾਂ ’ਤੇ ਕੁਝ ਨੌਜਵਾਨ ਚਿਹਰੇ ਢੱਕ ਕੇ ਆਏ ਅਤੇ ਬੇਸਬਾਲ ਅਤੇ ਰਾਡ ਨਾਲ ਮੈਨੇਜਰ ਅਤੇ ਕਰਿੰਦਿਆਂ ਨਾਲ ਕੁੱਟਮਾਰ ਕਰਕੇ 3 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, ਤਹਿਸੀਲਾਂ ਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ
ਪੁਲਸ ਦੇ ਟੈਕਨੀਕਲ ਸੈੱਲ ਨੇ ਸੀ. ਸੀ. ਟੀ. ਵੀ. ਕੈਮਰਿਆਂ, ਖੁਫ਼ੀਆ ਸੋਰਸ ਦੀ ਮਦਦ ਨਾਲ ਬਦਮਾਸ਼ਾਂ ਦੀ ਪਹਿਚਾਣ ਕਰਦਿਆਂ ਲੋਕੇਸ਼ਨ ਵੀ ਟਰੇਸ ਕਰ ਲਈ। ਨਾਲ ਹੀ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਉਸਨੇ ਆਪਣੇ ਸਾਥੀਆਂ ਪਰਮਜੀਤ ਸਿੰਘ ਉਰਫ਼ ਬਾਬਾ ਪੁੱਤਰ ਗੁਰਜੰਟ ਸਿੰਘ ਵਾਸੀ ਲੱਖੇਵਾਲੀ ਜਤਿੰਦਰ ਸਿੰਘ ਉਰਫ ਜਤਿੰਦਰੀ ਪੁੱਤਰ ਸ਼ੇਰ ਸਿੰਘ ਵਾਸੀ ਗੁਰੁਹਰਸਹਾਏ, ਮੇਹਰ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਫਿਰੋਜ਼ਪੁਰ ਕੈਂਟ ਅਤੇ ਗੁਰਜੰਟ ਸਿੰਘ ਉਰਫ ਜਸ਼ਨ ਪੁੱਤਰ ਬਲਬੀਰ ਸਿੰਘ ਵਾਸੀ ਲੱਖੋ ਕੇ ਬਹਿਰਾਮ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪ੍ਰਿੰਸੀਪਲ ਦੇ ਕਬਜ਼ੇ ਤੋਂ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਮੋਟਰਸਾਇਕਲ ਵੀ ਬਰਾਮਦ ਹੋਇਆ ਹੈ।
ਪੁਰਾਣੀ ਦਾਣਾ ਮੰਡੀ ਵਿੱਚ ਲੁੱਟ ਦੀ ਘਟਨਾ ਨੂੰ ਵੀ ਦਿੱਤਾ ਸੀ ਪ੍ਰਿੰਸ ਨੇ ਅੰਜਾਮ
ਪੁਰਾਣੀ ਦਾਣਾ ਮੰਡੀ ਵਿੱਚ ਵਪਾਰੀ ਰਵੀ ਕੁਮਾਰ ਪੁੱਤਰ ਤਰਸੇਮ ਕੁਮਾਰ ਦੀ ਦੁਕਾਨ ਤੋਂ ਕਰੀਬ ਇੱਕ ਲੱਖ ਰੁਪਏ ਲੁੱਟੇ ਸਨ। ਇਸ ਮਾਮਲੇ ਵਿੱਚ 16 ਨੂੰ ਥਾਣਾ ਸਿਟੀ ਮੁਕਤਸਰ ਵਿੱਚ ਕੇਸ ਦਰਜ ਹੋਇਆ ਸੀ। ਪੁੱਛਗਿੱਛ ਦੌਰਾਨ ਪ੍ਰਿੰਸ ਨੇ ਮੰਨਿਆ ਸੀ ਕਿ ਇਸ ਵਾਰਦਾਤ ਨੂੰ ਵੀ ਉਨ੍ਹਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ। ਇਸ ਵਾਰਦਾਤ ਵਿੱਚ ਜਤਿੰਦਰ ਅਤੇ ਮੇਹਰ ਨੇ ਇਸਦਾ ਸਾਥ ਦਿੱਤਾ ਸੀ। ਦੱਸਣਯੋਗ ਹੈ ਕਿ ਇਸ ਲੁੱਟ ਦੀ ਘਟਨਾ ਦੇ ਬਾਅਦ ਤੋਂ ਵਪਾਰ ਮੰਡਲ ਦੇ ਦਖ਼ਲ ਤੋਂ ਬਾਅਦ ਪੁਲਸ ਪ੍ਰਸ਼ਾਸਨ ’ਤੇ ਦਬਾਅ ਬਣਾਇਆ ਅਤੇ ਪੁਲਸ ਨੇ ਕੇਸ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੁਣ ਦੋਨਾਂ ਕੇਸਾਂ ਵਿੱਚ ਸ਼ਾਮਲ ਮਾਸਟਰ ਮਾਈਂਡ ਨੂੰ ਕਾਬੂ ਕਰ ਲਿਆ ਜਦਕਿ ਉਸਦੇ ਹੋਰ ਸਾਥੀਆਂ ਦੀ ਤਲਾਸ਼ ਜਾਰੀ ਹੈ।
ਸੂਬੇ ਵਿੱਚ ਇਨ੍ਹਾਂ ਜਗ੍ਹਾ ’ਤੇ ਵੀ ਕੀਤੀਆਂ ਸਨ ਪ੍ਰਿੰਸ ਦੇ ਗਿਰੋਹ ਨੇ ਵਾਰਦਾਤਾਂ
ਐੱਸ. ਐੱਸ. ਪੀ. ਅਨੁਸਾਰ ਬਦਮਾਸ਼ ਪ੍ਰਿੰਸੀਪਲ ਇਸ ਘਟਨਾ ਸਮੇਤ ਅਨੇਕਾਂ ਘਟਨਾਵਾਂ ਦਾ ਮਾਸਟਰ ਮਾਈਂਡ ਰਿਹਾ ਹੈ। ਇਸ ਤੋਂ ਪਹਿਲਾਂ ਉਸ ’ਤੇ ਅਨੇਕਾਂ ਕੇਸ ਦਰਜ ਹਨ। ਮੋਗਾ ਦੇ ਧਰਮਕੋਟ ਵਿੱਚ ਜਿੱਥੇ ਇਨ੍ਹਾਂ ਨੇ ਕਿਸ਼ਤਾਂ ਵਸੂਲਣ ਵਾਲੇ ਇੱਕ ਵਿਅਕਤੀ ਤੋਂ 22 ਹਜ਼ਾਰ ਰੁਪਏ ਲੁੱਟੇ ਸਨ, ਉੱਥੇ ਹੀ ਥਾਣਾ ਸਿਟੀ ਕਪੂਰਥਲਾ ਵਿੱਚ ਦਰਜ ਮਾਮਲੇ ਵਿੱਚ ਇਹ ਇੱਕ ਫਾਈਨਾਂਸਰ ਤੋਂ 3 ਲੱਖ 80 ਹਜ਼ਾਰ ਰੁਪਏ ਦੀ ਲੁੱਟ ਕਰਨ ਦੇ ਮਾਮਲੇ ਵਿੱਚ ਵੀ ਮਾਸਟਰ ਮਾਈਂਡ ਦੇ ਰੂਪ ਵਿੱਚ ਸ਼ਾਮਲ ਹਨ। ਇਹੀਂ ਨਹੀਂ ਥਾਣਾ ਲੱਖੋ ਕੇ ਬਹਿਰਾਮਪੁਰ ਥਾਣੇ ਵਿੱਚ ਵੀ ਇਸਦੇ ਖ਼ਿਲਾਫ਼ ਪੈਟਰੋਲ ਪੰਪ ਤੋਂ 44 ਹਜ਼ਾਰ ਰੁਪਏ ਲੁੱਟ ਦਾ ਕੇਸ ਦਰਜ ਹੈ। ਸਾਲ 2021 ਵਿੱਚ ਮੱਛੀ ਮੰਡੀ ਫਿਰੋਜਪੁਰ ਸ਼ਹਿਰ ਦੇ ਇੱਕ ਪੈਟਰੋਲ ਪੰਪ ਤੋਂ 1300 ਰੁਪਏ ਵੀ ਲੁੱਟੇ ਸਨ। ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਖਲਚੀਆ ਤੋਂ ਇੱਕ ਕਿਸ਼ਤਾਂ ਵਸੂਲਣ ਵਾਲੇ ਵਿਅਕਤੀ ਤੋਂ 13 ਹਜ਼ਾਰ ਰੁਪਏ ਵੀ ਇਨਾਂ ਨੇ ਲੁੱਟੇ ਸਨ।
ਇਹ ਵੀ ਪੜ੍ਹੋ- CM ਮਾਨ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਬੇਅਦਬੀ ਨਾਲ ਜੁੜੇ ਅਹਿਮ ਬਿੱਲਾਂ 'ਤੇ ਰਾਸ਼ਟਰਪਤੀ ਤੋਂ ਮੰਗੀ ਮਨਜ਼ੂਰੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।