ਪੰਜਾਬ ''ਚ ਵੱਡੀ ਸਾਜ਼ਿਸ਼ ਨਾਕਾਮ! 2 ਹੈਂਡ ਗ੍ਰੇਨੇਡਾਂ ਸਮੇਤ ਕੈਨੇਡਾ ਦਾ PR ਨੌਜਵਾਨ ਗ੍ਰਿਫ਼ਤਾਰ

Friday, Sep 18, 2026 - 07:12 PM (IST)

ਪੰਜਾਬ ''ਚ ਵੱਡੀ ਸਾਜ਼ਿਸ਼ ਨਾਕਾਮ! 2 ਹੈਂਡ ਗ੍ਰੇਨੇਡਾਂ ਸਮੇਤ ਕੈਨੇਡਾ ਦਾ PR ਨੌਜਵਾਨ ਗ੍ਰਿਫ਼ਤਾਰ

ਫ਼ਰੀਦਕੋਟ,  (ਰਾਜਨ)- ਬਾਬਾ ਫ਼ਰੀਦ ਆਗਮਨ ਪੁਰਬ ਤੋਂ ਪਹਿਲਾਂ ਫ਼ਰੀਦਕੋਟ ’ਚ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਦੋ ਗ੍ਰੇਨੇਡਾਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਸ ਅਨੁਸਾਰ ਮੁਲਜ਼ਮ ਦੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਨਾਲ ਸੰਪਰਕ ਹੋਣ ਤੇ ਡਰੋਨ ਰਾਹੀਂ ਗ੍ਰੇਨੇਡ ਮੰਗਵਾਉਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਬੂ ਕੀਤੇ ਨੌਜਵਾਨ ਦੀ ਪਛਾਣ ਗੁਰੂ ਅਰਜਨ ਦੇਵ ਨਗਰ, ਫ਼ਰੀਦਕੋਟ ਵਾਸੀ ਨਵਜੋਤ ਸਿੰਘ ਵਜੋਂ ਹੋਈ ਹੈ, ਜੋ ਕੈਨੇਡਾ ਦਾ ਪੀ.ਆਰ. ਦੱਸਿਆ ਜਾ ਰਿਹਾ ਹੈ ਅਤੇ 12 ਸਤੰਬਰ ਨੂੰ ਹੀ ਭਾਰਤ ਪਰਤਿਆ ਸੀ।
ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੀਰਵਾਰ ਰਾਤ ਫ਼ਰੀਦਕੋਟ ’ਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਨਵਜੋਤ ਸਿੰਘ ਸਬੰਧੀ ਸੂਚਨਾ ਮਿਲਣ ’ਤੇ ਉਸ ਦੀ ਭਾਲ ਸ਼ੁਰੂ ਕੀਤੀ ਗਈ। ਟੀਮ ਨੇ ਸਾਦਿਕ ਚੌਕ ਵਿਖੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ’ਚੋਂ ਦੋ ਗ੍ਰੇਨੇਡ ਬਰਾਮਦ ਹੋਏ। ਮਾਮਲੇ ਸਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਫ਼ਾਜ਼ਿਲਕਾ ਵਿਖੇ ਐਕਸਪਲੋਸਿਵ ਸਬਸਟੈਂਸ ਐਕਟ ਅਤੇ ਯੂ.ਏ.ਪੀ.ਏ. ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਉੱਧਰ, ਮੁਲਜ਼ਮ ਦੇ ਪਿਤਾ ਸੂਬਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਦਾ ਪੀ.ਆਰ. ਹੈ ਅਤੇ 12 ਸਤੰਬਰ ਨੂੰ ਭਾਰਤ ਆਇਆ ਸੀ। ਉਨ੍ਹਾਂ ਅਨੁਸਾਰ ਵੀਰਵਾਰ ਸ਼ਾਮ ਨਵਜੋਤ ਨੇ ਕਿਸੇ ਕੋਰੀਅਰ ਦੇ ਆਉਣ ਦੀ ਗੱਲ ਕਹੀ ਸੀ ਅਤੇ ਉਹ ਉਸ ਦੇ ਨਾਲ ਸਾਦਿਕ ਚੌਕ ਪਹੁੰਚੇ ਸਨ, ਜਿੱਥੇ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਬਾਬਾ ਫ਼ਰੀਦ ਆਗਮਨ ਪੁਰਬ ਦੇ ਮੁੱਖ ਸਮਾਗਮ ਦੇ ਮੱਦੇਨਜ਼ਰ ਸ਼ਹਿਰ ’ਚ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ।


author

Shubam Kumar

Content Editor

Related News