ਰੋਮਾਂਟਿਕ ਫਿਲਮਾਂ ਦੇ ਸ਼ਹਿਨਸ਼ਾਹ ਮਰਹੂਮ ਯਸ਼ ਚੋਪੜਾ ਦਾ ਸਵਿਟਜ਼ਰਲੈਂਡ ''ਚ ਲਾਇਆ ਸਪੈਸ਼ਲ ਸਟੈਚੂ
Friday, May 06, 2016 - 09:45 AM (IST)
ਨਵੀਂ ਦਿੱਲੀ : ਬਾਲੀਵੁੱਡ ਇੰਡਸਟਰੀ ''ਚ ਸ਼ਾਨਦਾਰ ਅਤੇ ਰੋਮਾਂਟਿਕ ਫਿਲਮਾਂ ਦੇ ਸ਼ਹਿਨਸ਼ਾਹ ਮਰਹੂਮ ਨਿਰਦੇਸ਼ਕ ਯਸ਼ ਚੋਪੜਾ ਨੇ ਆਪਣੀਆਂ ਫਿਲਮਾਂ ''ਚ ਪੰਜਾਬੀ ਰੰਗ ਅਤੇ ਸਵਿਟਜ਼ਰਲੈਂਡ ਦੇ ਬੇਹੱਦ ਖੂਬਸੂਰਤ ਨਜ਼ਾਰਿਆਂ ਨੂੰ ਹਮੇਸ਼ਾ ਜਗ੍ਹਾ ਦਿੱਤੀ ਹੈ। ਇਸ ਲਈ ਸਵਿਸ ਸਰਕਾਰ ਨੇ ਉਨ੍ਹਾਂ ਨੂੰ ਸਤਿਕਾਰ ਦਿੰਦੇ ਹੋਏ ਸਵਿਟਜ਼ਰਲੈਂਡ ''ਚ ਉਨ੍ਹਾਂ ਦਾ ਸਪੈਸ਼ਲ ਸਟੈਚੂ (ਬੁੱਤ) ਲਗਾਇਆ ਹੈ, ਜਿਸ ਦਾ ਉਦਘਾਟਨ ਬੀਤੇ ਦਿਨੀਂ ਕੀਤਾ ਗਿਆ।
ਜਾਣਕਾਰੀ ਅਨੁਸਾਰ ਇਸ ਸਟੈਚੂ ਦਾ ਵਜ਼ਨ 350 ਕਿਲੋਂਗਰਾਮ ਹੈ। ਇਸ ਸਟੈਚੂ ''ਚ ਯਸ਼ ਚੋਪੜਾ ਫਿਲਮ ਨਿਰਦੇਸ਼ਤ ਕਰਨ ਦੇ ਪੋਜ਼ ''ਚ ਨਜ਼ਰ ਆ ਰਹੇ ਹਨ। ਯਸ਼ ਚੋਪੜਾ ਨੂੰ ਇਸ ਜਗ੍ਹਾ ''ਤੇ ਸਮਾਂ ਗੁਜ਼ਾਰਨਾ ਬੇਹੱਦ ਪਸੰਦ ਸਨ। ਇਸ ਸਟੈਚੂ ਨੂੰ ਇੰਟਰਲੈਕਨ ਦੇ ਕੁਰਸਾਲ ਏਰੀਆ ''ਚ ਲਾਇਆ ਗਿਆ ਹੈ। ਇਹ ਜਗ੍ਹਾ ਸੈਲਾਨੀਆਂ ਦੀ ਮਨਪਸੰਦ ਜਗ੍ਹਾ ਹੈ। ਇਸ ਮੌਕੇ ਕਈ ਮੰਤਰੀ ਅਤੇ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਪਤਨੀ ਪਾਮੇਲਾ ਚੋਪੜਾ ਅਤੇ ਨੂੰਹ ਰਾਣੀ ਮੁਖਰਜੀ ਵੀ ਮੌਜੂਦ ਸੀ। ਇਸ ਇਵੈਂਟ ਦਾ ਆਯੋਜਨ ਇੰਟਰਲੇਕਨ ਟੂਰਿਜ਼ਮ ਅਤੇ ਜੁੰਗਫ੍ਰਾਅ ਰੇਲਵੇ ਨੇ ਕੀਤਾ ਸੀ।
ਜ਼ਿਕਰਯੋਗ ਹੈ ਕਿ ਇਹ ਯਸ਼ ਚੋਪੜਾ ਨੂੰ ਸਨਮਾਨਿਤ ਕਰਨਾ ਦਾ ਇਹ ਪਹਿਲਾ ਮੌਕਾ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਇੰਟਰਲੇਕਨ ਸਰਕਾਰ ਨੇ 2011 ''ਚ ਉਨ੍ਹਾਂ ਨੂੰ ਅੰਬੈਸਡਰ ਆਫ ਇੰਟਰਲੇਕਨ ਦਾ ਖਿਤਾਬ ਦਿੱਤਾ ਸੀ। ਜੁੰਗਫ੍ਰਾਅ ਰੇਲਵੇ ਨੇ ਇਕ ਟਰੇਨ ਦਾ ਨਾਂ ਵੀ ਉਨ੍ਹਾਂ ਦੇ ਨਾਂ ''ਤੇ ਰੱਖਿਆ ਸੀ।