ਵਿਸ਼ਵ ਪ੍ਰਸਿੱਧ ਗੀਤਕਾਰ ਹਰਜਿੰਦਰ ਬੱਲ ਦਾ 4 ਸਤੰਬਰ ਨੂੰ ਜਲੰਧਰ ਵਿਖੇ ਹੋਵੇਗਾ ਅੰਤਿਮ ਸੰਸਕਾਰ
Monday, Sep 04, 2023 - 11:35 AM (IST)
ਜਲੰਧਰ (ਬਿਊਰੋ) : ਪੰਜਾਬ ਦੇ ਨਾਮੀ ਸ਼ਾਇਰ ਤੇ ਗੀਤਕਾਰ ਹਰਜਿੰਦਰ ਬੱਲ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਪੀ. ਜੀ. ਆਈ. ਚੰਡੀਗੜ੍ਹ 'ਚ ਆਖਰੀ ਸਾਹ ਲਏ। ਖ਼ਬਰਾਂ ਮੁਤਾਬਕ, ਉਹ ਕਾਫੀ ਦਿਨਾਂ ਤੋਂ ਪੀ. ਜੀ. ਆਈ. 'ਚ ਦਾਖ਼ਲ ਸਨ, ਜਿੱਥੇ ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵਿਦੇਸ਼ 'ਚ ਵੀ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਉਨ੍ਹਾਂ ਦੇ ਦਿਹਾਂਤ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਹੈ।
ਦੱਸ ਦਈਏ ਕਿ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਰਜਿੰਦਰ ਸਿੰਘ ਬੱਲ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨਾਲ ਉਨ੍ਹਾਂ ਦੀ ਅੰਤਿਮ ਵਿਦਾਈ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੋਸਟ ਮੁਤਾਬਕ, ਹਰਜਿੰਦਰ ਸਿੰਘ ਬੱਲ ਦਾ 4 ਸਤੰਬਰ ਦਿਨ ਸੋਮਵਾਰ 1 ਵਜੇ ਦੇ ਕਰੀਬ ਸ਼ਮਸ਼ਾਨ ਘਾਟ ਲੱਧੇਵਾਲੀ ਨੇੜ੍ਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਮਾ ਮੰਡੀ ਜਲੰਧਰ ਵਿਖੇ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਹਰਜਿੰਦਰ ਬੱਲ ਚੰਡੀਗੜ੍ਹ ਪੀ. ਜੀ. ਆਈ. 'ਚ ਆਪਣੇ ਆਖਰੀ ਸਾਹ ਲਏ। ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਉਨ੍ਹਾਂ ਆਪਣਾ ਇਲਾਜ ਵਿਦੇਸ਼ ਅਤੇ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਵੀ ਕਰਵਾਇਆ ਸੀ। ਹਾਲਤ ਨਾਜ਼ੁਕ ਹੋਣ ਮਗਰੋਂ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ। ਹਰਜਿੰਦਰ ਸਿੰਘ ਬੱਲ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਗੀਤ ਦਿੱਤੇ ਹਨ, ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।
ਦੱਸਣਯੋਗ ਹੈ ਕਿ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਫ਼ਿਰੋਜ਼ ਖ਼ਾਨ, ਸਰਦੂਲ ਸਿਕੰਦਰ ਸਮੇਤ ਪੰਜਾਬ ਦੇ ਕਈ ਨਾਮੀ ਗਾਇਕ ਆਵਾਜ਼ ਦੇ ਚੁੱਕੇ ਹਨ। ਗੀਤਕਾਰੀ ਦੇ ਨਾਲ-ਨਾਲ ਉਹ ਗ਼ਜ਼ਲ ਦੇ ਖੇਤਰ 'ਚ ਵੀ ਬੜੇ ਮਕਬੂਲ ਸਨ। ਉਨ੍ਹਾਂ ਨੇ ਗ਼ਜ਼ਲ ਦੇ ਸਿਖਾਂਦਰੂਆਂ ਲਈ ਵੀ ਕਿਤਾਬਾਂ ਲਿਖੀਆਂ। ਉਨ੍ਹਾਂ ਵੱਲੋਂ ਲਿਖੇ 'ਸੱਜਣਾ ਵੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ' ਤੇ 'ਫ਼ਸਲੀ ਬਟੇਰੇ ਮਿਲ ਜਾਣਗੇ ਬਥੇਰੇ' ਗੀਤ ਫਿਰੋਜ਼ ਖ਼ਾਨ ਨੇ ਗਾਏ ਹਨ, ਜੋ ਕਾਫੀ ਹਿੱਟ ਹੋਏ। 'ਜਦੋਂ ਹੋ ਗਈ ਮੇਰੀ ਡੋਲੀ, ਮਾਏਂ ਅੱਖੀਆਂ ਤੋਂ ਓਹਲੇ...ਪਿੱਛੋਂ ਦੇਖ ਦੇਖ ਰੋਈਂ ਮੇਰੇ ਗੁੱਡੀਆਂ ਪਟੋਲੇ' ਨੂੰ ਸਰਦੂਲ ਸਿਕੰਦਰ ਨੇ ਆਪਣੀ ਆਵਾਜ਼ ਦਿੱਤੀ, ਜੋ ਹਰੇਕ ਦੀ ਅੱਖ 'ਚ ਹੰਝੂ ਲਿਆਉਣ ਵਾਲਾ ਗੀਤ ਹੈ।