ਗੋਵਿੰਦਾ ਦਾ ਹੋਣ ਜਾ ਰਿਹਾ ਤਲਾਕ ! ਵਿਆਹ ਦੇ 40 ਸਾਲ ਮਗਰੋਂ ਤਲਾਕ ਦੀਆਂ ਖ਼ਬਰਾਂ ਵਿਚਾਲੇ ਭਾਵੁਕ ਹੋਏ ਅਦਾਕਾਰ

Tuesday, Jan 20, 2026 - 12:50 PM (IST)

ਗੋਵਿੰਦਾ ਦਾ ਹੋਣ ਜਾ ਰਿਹਾ ਤਲਾਕ ! ਵਿਆਹ ਦੇ 40 ਸਾਲ ਮਗਰੋਂ ਤਲਾਕ ਦੀਆਂ ਖ਼ਬਰਾਂ ਵਿਚਾਲੇ ਭਾਵੁਕ ਹੋਏ ਅਦਾਕਾਰ

ਮੁੰਬਈ- ਬਾਲੀਵੁੱਡ ਦੇ 'ਹੀਰੋ ਨੰਬਰ 1' ਗੋਵਿੰਦਾ (Govinda) ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਦੀ ਵਿਆਹੁਤਾ ਜ਼ਿੰਦਗੀ ਵਿੱਚ ਵੱਡਾ ਤੂਫ਼ਾਨ ਆ ਗਿਆ ਹੈ। ਸੁਨੀਤਾ ਨੇ ਗੋਵਿੰਦਾ 'ਤੇ ਅਜਿਹੇ ਗੰਭੀਰ ਇਲਜ਼ਾਮ ਲਗਾਏ ਹਨ, ਜਿਸ ਨਾਲ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ। ਇਨ੍ਹਾਂ ਇਲਜ਼ਾਮਾਂ ਤੋਂ ਪ੍ਰੇਸ਼ਾਨ ਗੋਵਿੰਦਾ ਨੇ ਹੁਣ ਆਪਣੀ ਚੁੱਪੀ ਤੋੜੀ ਹੈ।
ਪਤਨੀ ਦੇ ਗੰਭੀਰ ਇਲਜ਼ਾਮ: "ਬੱਚਿਆਂ ਦੇ ਕਰੀਅਰ ਦੀ ਨਹੀਂ ਚਿੰਤਾ"
ਸੁਨੀਤਾ ਆਹੂਜਾ ਨੇ ਗੋਵਿੰਦਾ 'ਤੇ ਐਕਸਟਰਾ ਮੈਰੀਟਲ ਅਫੇਅਰ (ਵਿਆਹ ਤੋਂ ਬਾਹਰਲੇ ਸਬੰਧ) ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਗੋਵਿੰਦਾ ਨੇ ਆਪਣੇ ਬੇਟੇ ਯਸ਼ ਦਾ ਕਰੀਅਰ ਬਣਾਉਣ ਵਿੱਚ ਕੋਈ ਮਦਦ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਆਪਣੀ ਬੇਟੀ ਦੇ ਵਿਆਹ ਦੀ ਕੋਈ ਫ਼ਿਕਰ ਹੈ।
ਗੋਵਿੰਦਾ ਦਾ ਪਲਟਵਾਰ: "40 ਸਾਲ ਹੋ ਗਏ, ਕੀ ਮੈਂ 2-3 ਵਿਆਹ ਕਰ ਲਏ?"
ਗੋਵਿੰਦਾ ਨੇ ਆਪਣੀ ਪਤਨੀ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ, "ਸਾਡੀ ਸ਼ਾਦੀ ਨੂੰ 40 ਸਾਲ ਹੋ ਗਏ ਹਨ। ਕੀ ਮੈਂ 2-3 ਵਿਆਹ ਕਰ ਲਏ ਹਨ? ਜੋ ਲੋਕ ਕਈ ਵਿਆਹ ਕਰਦੇ ਹਨ, ਉਨ੍ਹਾਂ ਦੀਆਂ ਪਤਨੀਆਂ ਕੁਝ ਨਹੀਂ ਕਹਿੰਦੀਆਂ"। ਉਨ੍ਹਾਂ ਅੱਗੇ ਕਿਹਾ ਕਿ ਫਿਲਮ ਇੰਡਸਟਰੀ ਵਿੱਚ ਸ਼ਾਇਦ ਹੀ ਕੋਈ ਬੇਦਾਗ ਹੋਵੇ, ਪਰ ਜਦੋਂ ਕੋਈ ਘਿਰ ਜਾਂਦਾ ਹੈ ਤਾਂ ਉਹ ਨਿਕਲਣ ਦੇ ਰਸਤੇ ਲੱਭਦਾ ਹੈ।
"ਮੇਰੇ ਖ਼ਿਲਾਫ਼ ਰਚੀ ਜਾ ਰਹੀ ਹੈ ਸਾਜ਼ਿਸ਼"
ਅਦਾਕਾਰ ਨੇ ਖਦਸ਼ਾ ਜਤਾਇਆ ਹੈ ਕਿ ਉਨ੍ਹਾਂ ਵਿਰੁੱਧ ਕੋਈ ਵੱਡੀ ਸਾਜ਼ਿਸ਼ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਸੁਨੀਤਾ ਅਤੇ ਭਾਣਜੇ ਕ੍ਰਿਸ਼ਨਾ ਅਭਿਸ਼ੇਕ ਨੂੰ ਉਨ੍ਹਾਂ ਦੇ ਖ਼ਿਲਾਫ਼ ਵਰਤਿਆ ਜਾ ਰਿਹਾ ਹੈ। ਗੋਵਿੰਦਾ ਮੁਤਾਬਕ ਕ੍ਰਿਸ਼ਨਾ ਦੇ ਟੀਵੀ ਪ੍ਰੋਗਰਾਮਾਂ ਵਿੱਚ ਰਾਈਟਰਜ਼ ਉਨ੍ਹਾਂ ਤੋਂ ਅਜਿਹੀਆਂ ਗੱਲਾਂ ਬੁਲਵਾਉਂਦੇ ਹਨ ਜੋ ਉਨ੍ਹਾਂ ਦਾ ਅਪਮਾਨ ਕਰਨ ਲਈ ਹੁੰਦੀਆਂ ਹਨ।
ਬੱਚਿਆਂ ਦੀ ਮਦਦ ਨਾ ਕਰਨ 'ਤੇ ਸਫ਼ਾਈ
ਬੱਚਿਆਂ ਦੇ ਕਰੀਅਰ ਬਾਰੇ ਗੋਵਿੰਦਾ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਔਕਾਤ ਅਨੁਸਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, "ਮੈਂ ਪ੍ਰੋਡਿਊਸਰਾਂ-ਡਾਇਰੈਕਟਰਾਂ ਕੋਲ ਬੱਚਿਆਂ ਦੀ ਸਿਫਾਰਸ਼ ਨਹੀਂ ਕਰਦਾ। ਇਹ ਇੰਡਸਟਰੀ ਮੇਰਾ ਪਰਿਵਾਰ ਹੈ ਅਤੇ ਮੈਂ ਇਸ 'ਤੇ ਕੋਈ ਕਾਲਾ ਧੱਬਾ ਨਹੀਂ ਲਗਾਉਣਾ ਚਾਹੁੰਦਾ"।
ਪਰਿਵਾਰ ਨੂੰ ਗੁਜਾਰਿਸ਼: "ਮੈਨੂੰ ਦਬਾਅ ਵਿੱਚ ਨਾ ਪਾਓ"
ਗੋਵਿੰਦਾ ਨੇ ਭਾਵੁਕ ਹੁੰਦਿਆਂ ਆਪਣੇ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਬਿਆਨਬਾਜ਼ੀ ਬੰਦ ਕਰਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਸ਼ਿਵ ਸੈਨਾ ਜੁਆਇਨ ਕੀਤੀ ਹੈ, ਉਦੋਂ ਤੋਂ ਹੀ ਇਹ ਵਿਵਾਦ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਉਹ 19-20 ਸਾਲ ਬਿਨਾਂ ਕੰਮ ਦੇ ਘਰ ਬੈਠੇ ਰਹੇ ਅਤੇ ਹੁਣ ਅਜਿਹਾ ਵਿਵਹਾਰ ਕਰਨਾ ਠੀਕ ਨਹੀਂ ਹੈ।
 


author

Aarti dhillon

Content Editor

Related News