ਵਿਵੇਕ ਅਗਨੀਹੋਤਰੀ ਨੇ ਆਮਿਰ ਖ਼ਾਨ ’ਤੇ ਕੱਸਿਆ ਤੰਜ, ਕਿਹਾ– ‘ਹਰ ਚੀਜ਼ ਝੂਠੀ ਤੇ ਫਰਾਡ ਸੀ’

09/04/2022 5:03:23 PM

ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਰਹੀ ਹੈ। ਪਾਜ਼ੇਟਿਵ ਵਰਡ ਆਫ ਮਾਊਥ ਦੇ ਬਾਵਜੂਦ ਵੀ ਫ਼ਿਲਮ ਕਮਾਈ ਦੇ ਮਾਮਲੇ ’ਚ ਕੁਝ ਕਮਾਲ ਨਹੀਂ ਕਰ ਸਕੀ। ਆਮਿਰ ਦੀ ਫ਼ਿਲਮ ਨੂੰ ਲੈ ਕੇ ਕਈ ਲੋਕ ਆਪਣੀ ਅਲੱਗ-ਅਲੱਗ ਰਾਏ ਦੇ ਰਹੇ ਹਨ। ਹੁਣ ‘ਦਿ ਕਸ਼ਮੀਰ ਫਾਈਲਜ਼’ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਆਮਿਰ ਖ਼ਾਨ ’ਤੇ ਤੰਜ ਕੱਸਦਿਆਂ ‘ਲਾਲ ਸਿੰਘ ਚੱਢਾ’ ਦੇ ਫਲਾਪ ਹੋਣ ’ਤੇ ਗੱਲ ਕੀਤੀ ਹੈ।

ਵਿਵੇਕ ਅਗਨੀਹੋਤਰੀ ਨੇ ਆਪਣੇ ਤਾਜ਼ਾ ਇੰਟਰਵਿਊ ’ਚ ‘ਲਾਲ ਸਿੰਘ ਚੱਢਾ’ ਦੇ ਖ਼ਰਾਬ ਬਾਕਸ ਆਫਿਸ ’ਤੇ ਆਪਣੀ ਰਾਏ ਦਿੰਦਿਆਂ ਕਿਹਾ ਕਿ ਫ਼ਿਲਮ ਬਾਈਕਾਟ ਟਰੈਂਡ ਕਾਰਨ ਨਹੀਂ ਫਲਾਪ ਹੋਈ, ਸਗੋਂ ਲੋਕਾਂ ਨੂੰ ਆਮਿਰ ਖ਼ਾਨ ’ਚ ਸੱਚਾਈ ਘੱਟ ਦਿਖੀ ਹੈ।

ਵਿਵੇਕ ਅਗਨੀਹੋਤਰੀ ਨੇ ਸਵਾਲ ਕਰਦਿਆਂ ਕਿਹਾ, ‘‘ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਇਕ ਉਦਾਹਰਣ ਦੇ ਤੌਰ ’ਤੇ ਲੈ ਕੇ ਦੇਖੋ, ਮੈਂ ਉਮੀਦ ਕਰਦਾ ਹਾਂ ਕਿ ਆਮਿਰ ਖ਼ਾਨ ਇਸ ਨੂੰ ਸੁਣ ਕੇ ਸਮਝਣ। ਇੰਡਸਟਰੀ ’ਚ ਹਰ ਕੋਈ ਇਹ ਕਹਿ ਰਿਹਾ ਹੈ ਕਿ ਭਕਤਾਂ ਨੇ ਫ਼ਿਲਮ ਨੂੰ ਬਰਬਾਦ ਕਰ ਦਿੱਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਹਨ? 40 ਫ਼ੀਸਦੀ, ਠੀਕ ਹੈ? ਤਾਂ ਹੁਣ ਇਹ ਦੱਸੋ ਕਿ ਬਾਕੀ 50 ਫ਼ੀਸਦੀ ਲੋਕ ਕਿਥੇ ਹਨ?’’

ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

ਵਿਵੇਕ ਅਗਨੀਹੋਤਰੀ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਬਾਈਕਾਟ ਟਰੈਂਡ ਚੱਲਿਆ ਵੀ ਹੈ ਤਾਂ ਉਨ੍ਹਾਂ ਦੇ ਸੱਚੇ ਪ੍ਰਸ਼ੰਸਕਾਂ ਨੂੰ ਫ਼ਿਲਮ ਦੇਖਣ ਆਉਣਾ ਚਾਹੀਦਾ ਸੀ। ਜੇਕਰ ਉਨ੍ਹਾਂ ਦਾ ਫੈਨ ਬੇਸ ਉਨ੍ਹਾਂ ਪ੍ਰਤੀ ਲਾਇਲ ਨਹੀਂ ਹੈ ਤਾਂ ਉਨ੍ਹਾਂ ਨੂੰ ਫ਼ਿਲਮਾਂ ਲਈ 150-200 ਕਰੋੜ ਰੁਪਏ ਚਾਰਜ ਨਹੀਂ ਕਰਨੇ ਚਾਹੀਦੇ।

ਵਿਵੇਕ ਅਗਨੀਹੋਤਰੀ ਨੇ ਕਿਹਾ, ‘‘ਤੁਹਾਡੇ ਕੋਲ ਜੇਕਰ ਲਾਇਲ ਦਰਸ਼ਕ ਨਹੀਂ ਹਨ ਤਾਂ ਇਸ ਦਾ ਮਤਲਬ ਤਾਂ ਇਹੀ ਹੈ ਕਿ ਹਰ ਚੀਜ਼ ਝੂਠੀ ਤੇ ਫਰਾਡ ਸੀ। ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਸੀ ਤਾਂ ਫਿਰ 150-200 ਕਰੋੜ ਰੁਪਏ ਕਿਉਂ ਚਾਰਜ ਕਰ ਰਹੇ ਹੋ?’’

ਵਿਵੇਕ ਨੇ ਅੱਗੇ ਕਿਹਾ, ‘‘ਫ਼ਿਲਮ ‘ਦੰਗਲ’ ਤੇ ‘ਪਦਮਾਵਤ’ ਦੌਰਾਨ ਬਾਈਕਾਟ ਟਰੈਂਡ ਜ਼ਿਆਦਾ ਚੱਲਿਆ ਸੀ। ਫਿਰ ਵੀ ਦੋਵਾਂ ਫ਼ਿਲਮਾਂ ਨੇ ਬਾਕਸ ਆਫਿਸ ’ਤੇ ਚੰਗੀ ਕਮਾਈ ਕੀਤੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News