ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਖ਼ਰੀਦਿਆ ਆਲੀਸ਼ਾਨ ਬੰਗਲਾ, ਕਰੋੜਾਂ 'ਚ ਹੈ ਕੀਮਤ
Tuesday, Oct 04, 2022 - 11:17 AM (IST)
ਮੁੰਬਈ (ਬਿਊਰੋ) : ਫ਼ਿਲਮ 'ਦਿ ਕਸ਼ਮੀਰ ਫਾਈਲਜ਼' ਦੇ ਨਿਰਮਾਤਾ-ਨਿਰਦੇਸ਼ਕ ਵਿਵੇਕ ਅਗਨੀਹੋਤਰੀ ਇੰਨੀਂ ਦਿਨੀਂ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਉਹ ਹਾਲੇ ਵੀ ਆਪਣੀ ਇਸ ਫ਼ਿਲਮ ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਹਾਲ ਹੀ ਵਿਵੇਕ ਅਗਨੀਹੋਤਰੀ ਅਤੇ ਉਨ੍ਹਾਂ ਦੀ ਪਤਨੀ ਪੱਲਵੀ ਜੋਸ਼ੀ ਮੁੰਬਈ ਦੇ ਅੰਧੇਰੀ ਵਰਸੋਵਾ ਇਲਾਕੇ 'ਚ ਪ੍ਰੀਮੀਅਮ ਰਿਹਾਇਸ਼ੀ ਅਪਾਰਟਮੈਂਟ ਖ਼ਰੀਦਿਆ ਹੈ। ਇਸ ਦੀ ਕੀਮਤ 17.92 ਕਰੋੜ ਰੁਪਏ ਹੈ। ਇਕ ਰਿਪੋਰਟ ਮੁਤਾਬਕ, ਵਿਵੇਕ ਅਗਨੀਹੋਤਰੀ ਨੇ ਇਹ ਪ੍ਰਾਪਰਟੀ ਐਕਸਟਸੀ ਰਿਐਲਟੀ ਪ੍ਰੋਜੈਕਟ ਦੇ ਡਿਵੈਲਪਰ ਤੋਂ ਖ਼ਰੀਦੀ ਹੈ।
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਹ ਅਪਾਰਟਮੈਂਟ ਇਮਾਰਤ ਦੀ 30ਵੀਂ ਮੰਜ਼ਿਲ 'ਤੇ ਹੈ ਅਤੇ 3,258 ਵਰਗ ਫੁੱਟ ਦੇ ਖ਼ੇਤਰ 'ਚ ਫੈਲਿਆ ਹੋਇਆ ਹੈ, ਜਿਸ 'ਚ 3 ਕਾਰ ਪਾਰਕਿੰਗ ਸਲਾਟ ਹਨ। ਵਿਵੇਕ ਅਗਨੀਹੋਤਰੀ ਅਤੇ ਪੱਲਵੀ ਜੋਸ਼ੀ ਨੇ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ 1.07 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਹੈ।
35 ਹਜ਼ਾਰ ਰੁਪਏ ਪ੍ਰਤੀ ਗਜ਼ ਹੈ ਜਗ੍ਹਾ ਦੀ ਕੀਮਤ
ਅਪਾਰਟਮੈਂਟ ਦੀ ਪ੍ਰਤੀ ਵਰਗ ਫੁੱਟ ਕੀਮਤ 55 ਹਜ਼ਾਰ ਰੁਪਏ ਤੋਂ ਥੋੜ੍ਹੀ ਜ਼ਿਆਦਾ ਹੈ। ਵਿਵੇਕ ਅਤੇ ਪੱਲਵੀ ਨੇ ਇਹ ਜਾਇਦਾਦ 27 ਸਤੰਬਰ ਨੂੰ ਆਪਣੇ ਨਾਂ 'ਤੇ ਦਰਜ ਕਰਵਾਈ ਹੈ।
ਦੱਸ ਦੇਈਏ ਕਿ 'ਦਿ ਕਸ਼ਮੀਰ ਫਾਈਲਜ਼' ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਸੀ। 15-20 ਕਰੋੜ ਰੁਪਏ ਦੇ ਬਜਟ 'ਚ ਬਣੀ ਇਸ ਫ਼ਿਲਮ ਨੇ ਦੁਨੀਆ ਭਰ 'ਚ 340 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।
'ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' 'ਚ ਹੋਈ ਵਿਵੇਕ ਦੀ ਰੱਜ ਕੇ ਤਾਰੀਫ਼
ਇਸ ਫ਼ਿਲਮ 'ਚ ਮਿਥੁਨ ਚੱਕਰਵਰਤੀ, ਅਨੁਪਮ ਖੇਰ, ਦਰਸ਼ਨ ਕੁਮਾਰ, ਪੱਲਵੀ ਜੋਸ਼ੀ, ਚਿਨਮਯ ਮਾਂਡਲੇਕਰ ਅਤੇ ਭਾਸ਼ਾ ਸੁੰਬਲੀ ਮੁੱਖ ਭੂਮਿਕਾਵਾਂ 'ਚ ਸਨ। ਫ਼ਿਲਮ ਬਾਕਸ ਆਫਿਸ 'ਤੇ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਰਹੀ। ਇਸ ਫ਼ਿਲਮ ਨੂੰ 'ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' 'ਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿੱਥੇ ਵਿਵੇਕ ਅਗਨੀਹੋਤਰੀ ਦੀ ਫ਼ਿਲਮ ਦੀ ਕਾਫ਼ੀ ਤਾਰੀਫ਼ ਹੋਈ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।