ਪੜ੍ਹੋ ਕਾਮੇਡੀਅਨ ਵੀਰ ਦਾਸ ਦੀ ਉਹ ਕਵਿਤਾ, ਜਿਸ ’ਤੇ ਮਚ ਰਿਹੈ ਹੰਗਾਮਾ

11/18/2021 11:28:31 AM

ਮੁੰਬਈ (ਬਿਊਰੋ)– ਕਾਮੇਡੀਅਨ ਵੀਰ ਦਾਸ ਅਮਰੀਕਾ ’ਚ ਹੋਏ ਆਪਣੇ ਇਕ ਸ਼ੋਅ ਨੂੰ ਲੈ ਕੇ ਕਾਫੀ ਚਰਚਾ ’ਚ ਆ ਗਏ ਹਨ। ਅਮਰੀਕਾ ’ਚ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੀ ਲਿਖੀ ਇਕ ਕਵਿਤਾ ਪੜ੍ਹੀ, ਜਿਸ ਨੂੰ ਲੈ ਕੇ ਹੰਗਾਮਾ ਮਚ ਗਿਆ। ਅੰਗਰੇਜ਼ੀ ’ਚ ਲਿਖੀ ਵੀਰ ਦਾਸ ਦੀ ਇਸ ਕਵਿਤਾ ਦਾ ਟਾਈਟਲ ‘I Come From Two Indias’ ਹੈ। ਕਾਮੇਡੀਅਨ ਨੇ ਭਾਰਤ ਨੂੰ ਲੈ ਕੇ ਆਪਣੀ ਸੋਚ ’ਤੇ ਲਿਖੀ ਇਹ ਕਵਿਤਾ ਅਮਰੀਕਾ ਦੀ ਸਟੇਜ ’ਤੇ ਪੜ੍ਹੀ। ਵੀਰ ਦਾਸ ਨੇ ਇਸ ਦੀ ਵੀਡੀਓ ਆਪਣੇ ਯੂਟਿਊਬ ਚੈਨਲ ’ਤੇ ਸਾਂਝੀ ਕੀਤੀ ਹੈ।

ਪਰ ਇਸ ਕਵਿਤਾ ਨੂੰ ਲੈ ਕੇ ਦੇਸ਼ ਭਰ ’ਚ ਬਹਿਸ ਛਿੜ ਗਈ ਹੈ। ਕੁਝ ਲੋਕ ਜਿਥੇ ਵੀਰ ਦਾਸ ਦੀ ਕਵਿਤਾ ਦੀ ਤਾਰੀਫ਼ ਕਰ ਰਹੇ ਹਨ, ਉਥੇ ਇਕ ਵੱਡਾ ਤਬਕਾ ਉਸ ਨੂੰ ਦੇਸ਼-ਧ੍ਰੋਹੀ ਦੱਸ ਰਿਹਾ ਹੈ। ਕਵਿਤਾ ਵਾਇਰਲ ਹੋਣ ਤੋਂ ਬਾਅਦ ਲੋਕ ਉਸ ਨੂੰ ਟਵਿਟਰ ’ਤੇ ਟਰੋਲ ਕਰ ਰਹੇ ਹਨ। ਅਦਾਕਾਰਾ ਕੰਗਨਾ ਰਣੌਤ ਨੇ ਵੀ ਉਸ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਵੀਰ ਦਾਸ ਨੇ ਇਸ ਕਵਿਤਾ ਨੂੰ ਅੰਗਰੇਜ਼ੀ ’ਚ ਲਿਖਿਆ ਹੈ ਪਰ ਤੁਹਾਨੂੰ ਅਸੀਂ ਇਸ ਕਵਿਤਾ ਨੂੰ ਪੰਜਾਬੀ ’ਚ ਬਿਆਨ ਕਰਨ ਜਾ ਰਹੇ ਹਾਂ, ਜੋ ਹੇਠ ਲਿਖੇ ਅਨੁਸਾਰ ਹੈ–

ਇਸ ਪਲ ਦੀ ਚਾਹ ਹੈ ਕਿ ਮੈਂ ਆਪਣੇ ਆਪ ’ਤੇ ਇਕ ਵੀਡੀਓ ਬਣਾਵਾਂ ਤੇ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ
ਕਿਉਂਕਿ ਮੈਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਮੈਂ ਭਾਰਤ ਤੋਂ ਆਉਂਦਾ ਹਾਂ
ਮੈਂ ਕਿਸ ਭਾਰਤ ਤੋਂ ਆਉਂਦਾ ਹੈ?
ਮੈਂ ਦੋ ਭਾਰਤ ਤੋਂ ਆਉਂਦਾ ਹਾਂ
ਉਹ ਭਾਰਤ, ਜਿਸ ਨੂੰ ਮੈਂ ਆਪਣੇ ਨਾਲ ਸਟੇਜ ’ਤੇ ਹੁਣੇ ਲੈ ਕੇ ਆਇਆ ਹਾਂ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਬੱਚੇ ਇਕ-ਦੂਜੇ ਦਾ ਹੱਥ ਵੀ ਮਾਸਕ ਪਹਿਨ ਕੇ ਫੜਦੇ ਹਨ
ਫਿਰ ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਨੇਤਾ ਬਿਨਾਂ ਮਾਸਕ ਪਹਿਨੇ ਇਕ-ਦੂਜੇ ਨੂੰ ਸਟੇਜ ’ਤੇ ਗਲੇ ਲਗਾਉਂਦੇ ਹਨ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ AQI 9000 ਹੈ ਪਰ ਫਿਰ ਵੀ ਅਸੀਂ ਰਾਤ ਨੂੰ ਆਪਣੀਆਂ ਛਤਾਂ ’ਤੇ ਲੇਟ ਕੇ ਤਾਰੇ ਦੇਖਦੇ ਹਾਂ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਅਸੀਂ ਦਿਨ ’ਚ ਔਰਤਾਂ ਦੀ ਪੂਜਾ ਕਰਦੇ ਹਾਂ ਤੇ ਰਾਤ ਨੂੰ ਉਨ੍ਹਾਂ ਦਾ ਗੈਂਗਰੇਪ ਕਰਦੇ ਹਾਂ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਅਸੀਂ ਟਵਿਟਰ ’ਤੇ ਬਾਲੀਵੁੱਡ ਨੂੰ ਲੈ ਕੇ ਅਲੱਗ ਹੋਣ ਦਾ ਦਾਅਵਾ ਕਰਦੇ ਹਾਂ
ਪਰ ਥਿਏਟਰ ਦੇ ਹਨੇਰੇ ’ਚ ਬਾਲੀਵੁੱਡ ਲਈ ਇਕੱਠੇ ਹੋ ਜਾਂਦੇ ਹਾਂ
ਮੈਂ ਇਕ ਅਜਿਹੇ ਭਾਰਤ ਤੋਂ ਆਉਂਦਾ ਹਾਂ, ਜਿਥੇ ਅਸੀਂ ਕਾਮੁਕਤਾ ਦਾ ਮਜ਼ਾਕ ਉਡਾਉਂਦੇ ਹਾਂ ਤੇ ਇਹ ਉਦੋਂ ਤਕ ਹੈ, ਜਦੋਂ ਤਕ ਅਸੀਂ ਇਕ ਅਰਬ ਲੋਕਾਂ ਤਕ ਨਹੀਂ ਪਹੁੰਚ ਜਾਂਦੇ
ਮੈਂ ਇਕ ਅਜਿਹੇ ਭਾਰਤ ਤੋਂ ਆਉਂਦਾ ਹਾਂ, ਜਿਥੇ ਪੱਤਰਕਾਰਤਾ ਮਰ ਚੁੱਕੀ ਹੈ ਕਿਉਂਕਿ ਹੁਣ ਆਦਮੀ ਫੈਂਸੀ ਸਟੂਡੀਓ ’ਚ ਫੈਂਸੀ ਕੱਪੜੇ ਪਹਿਨਦੇ ਹਨ ਤੇ ਸੜਕ ’ਤੇ ਲੈਪਟਾਪ ਚੁੱਕੀ ਮਹਿਲਾ ਪੱਤਰਕਾਰ ਸੱਚਾਈ ਦੱਸਦੀ ਹੈ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਜਦੋਂ ਅਸੀਂ ਹਰੇ ਰੰਗ (ਪਾਕਿਸਤਾਨ) ਨਾਲ ਖੇਡਦੇ ਹਾਂ ਤਾਂ ਅਸੀਂ ਨੀਲੇ ਰੰਗ (ਭਾਰਤੀ ਕ੍ਰਿਕਟ ਜਰਸੀ) ਦੇ ਹੋ ਜਾਂਦੇ ਹਾਂ ਤੇ ਜਦੋਂ ਅਸੀਂ ਹਰੇ ਰੰਗ ਤੋਂ ਹਾਰ ਜਾਂਦੇ ਹਾਂ ਤਾਂ ਅਸੀਂ ਅਚਾਨਕ ਨਾਰੰਗੀ (ਭਗਵਾ) ਰੰਗ ਦੇ ਹੋ ਜਾਂਦੇ ਹਾਂ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਅਸੀਂ ਇੰਨੀ ਜ਼ੋਰ ਨਾਲ ਹੱਸਦੇ ਹਾਂ ਕਿ ਤੁਸੀਂ ਸਾਡੇ ਹਾਸੇ ਦੀ ਆਵਾਜ਼ ਸਾਡੇ ਘਰਾਂ ਦੀਆਂ ਕੰਧਾਂ ਦੇ ਬਾਹਰ ਤਕ ਸੁਣ ਸਕਦੇ ਹੋ
ਅਤੇ ਮੈਂ ਉਸ ਭਾਰਤ ਤੋਂ ਵੀ ਆਉਂਦਾ ਹਾਂ, ਜਿਥੇ ਕਾਮੇਡੀ ਕਲੱਬ ਦੀਆਂ ਕੰਧਾਂ ਤੋੜ ਦਿੱਤੀਆਂ ਜਾਂਦੀਆਂ ਹਨ, ਜਦੋਂ ਉਸ ਦੇ ਅੰਦਰੋਂ ਹਾਸੇ ਦੀ ਆਵਾਜ਼ ਆਉਂਦੀ ਹੈ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਬਜ਼ੁਰਗ ਨੇਤਾ ਆਪਣੇ ਪਿਓ ਬਾਰੇ ਗੱਲ ਕਰਨਾ ਬੰਦ ਨਹੀਂ ਕਰਦੇ
ਅਤੇ ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਨੌਜਵਾਨ ਨੇਤਾ ਆਪਣੀ ਮਾਂ ਦੀ ਸੁਣਨਾ ਬੰਦ ਨਹੀਂ ਕਰਦੇ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਵੱਡੀ ਆਬਾਦੀ 30 ਸਾਲ ਤੋਂ ਘੱਟ ਉਮਰ ਦੀ ਹੈ ਪਰ ਅਸੀਂ 75 ਸਾਲ ਦੇ ਨੇਤਾਵਾਂ ਦੇ 150 ਸਾਲ ਪੁਰਾਣੇ ਵਿਚਾਰ ਸੁਣਨਾ ਬੰਦ ਨਹੀਂ ਕਰਦੇ
ਮੈਂ ਅਜਿਹੇ ਭਾਰਤ ਤੋਂ ਆਉਂਦਾ ਹਾਂ, ਜਿਥੇ ਸਾਨੂੰ ਪੀ. ਐੱਮ. ਨਾਲ ਜੁੜੀ ਹਰ ਸੂਚਨਾ ਦਿੱਤੀ ਜਾਂਦੀ ਹੈ ਪਰ ਸਾਨੂੰ ਪੀ. ਐੱਮ. ਕੇਅਰਸ ਦੀ ਕੋਈ ਸੂਚਨਾ ਨਹੀਂ ਮਿਲਦੀ
ਮੈਂ ਇਕ ਅਜਿਹੇ ਭਾਰਤ ਤੋਂ ਆਉਂਦਾ ਹਾਂ, ਜਿਥੇ ਅਸੀਂ ਬ੍ਰਿਟਿਸ਼ ਨੂੰ ਕਦੋਂ ਦਾ ਭਜਾ ਦਿੱਤਾ ਪਰ ਅੱਜ ਵੀ ਸੱਤਾਧਾਰੀ ਪਾਰਟੀ ਨੂੰ ਸ਼ਾਸਕ ਕਹਿੰਦੇ ਹਾਂ
ਮੈਂ ਅਜਿਹੇ ਭਾਰਤ ਤੋਂ ਆਉਂਦਾ ਹਾਂ, ਜਿਥੇ ਔਰਤਾਂ ਸਾੜ੍ਹੀ ਤੇ ਸਨੀਕਰ ਪਹਿਨਦੀਆਂ ਹਨ ਤੇ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਇਕ ਬਜ਼ੁਰਗ ਕੋਲੋਂ ਸਲਾਹ ਲੈਣੀ ਪੈਂਦੀ ਹੈ, ਜਿਸ ਨੇ ਜ਼ਿੰਦਗੀ ਭਰ ਸਾੜ੍ਹੀ ਨਹੀਂ ਪਹਿਨੀ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਅਸੀਂ ਸ਼ਾਕਾਹਾਰੀ ਹੋਣ ’ਤੇ ਮਾਣ ਮਹਿਸੂਸ ਕਰਦੇ ਹਾਂ ਪਰ ਉਨ੍ਹਾਂ ਕਿਸਾਨਾਂ ਨੂੰ ਕੁਚਲ ਦਿੰਦੇ ਹਾਂ, ਜੋ ਸਬਜ਼ੀਆਂ ਉਗਾਉਂਦੇ ਹਨ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਫੌਜੀਆਂ ਨੂੰ ਅਸੀਂ ਪੂਰਾ ਸਮਰਥਨ ਦਿੰਦੇ ਹਾਂ, ਉਦੋਂ ਤਕ, ਜਦੋਂ ਤਕ ਉਨ੍ਹਾਂ ਦੇ ਪੈਂਸ਼ਨ ਪਲਾਨ ’ਤੇ ਗੱਲ ਨਾ ਆ ਜਾਵੇ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਅਸੀਂ ਕਦੇ ਵੀ ਸਮੇਂ ਸਿਰ ਨਹੀਂ ਆ ਸਕਦੇ ਭਾਵੇਂ ਕਿਤੇ ਵੀ ਜਾਈਏ, ਪਰ ਕੋਵਿਨ ਵੈੱਬਸਾਈਟ ਦੇ ਮਾਮਲੇ ’ਚ ਜਲਦੀ ਆਉਂਦੇ ਹਾਂ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਸਾਡੇ ਕੋਲ ਨੌਕਰ ਤੇ ਡਰਾਈਵਰ ਹਨ ਪਰ ਫਿਰ ਵੀ ਅਸੀਂ ਅਮਰੀਕਾ ’ਚ ਆਪਣਾ ਕੰਮ ਕਰਨ ਲਈ ਆਉਂਦੇ ਹਾਂ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜੋ ਚੁੱਪ ਨਹੀਂ ਬੈਠੇਗਾ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜੋ ਬੋਲੇਗਾ ਵੀ ਨਹੀਂ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜੋ ਮੈਨੂੰ ਸਾਡੀਆਂ ਬੁਰਾਈਆਂ ’ਤੇ ਗੱਲ ਕਰਨ ਲਈ ਕੋਸੇਗਾ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਲੋਕ ਆਪਣੀਆਂ ਕਮੀਆਂ ’ਤੇ ਖੁੱਲ੍ਹ ਕੇ ਗੱਲ ਕਰਦੇ ਹਨ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਹਰ ਰੋਜ਼ ਪਾਕਿਸਤਾਨ ਜਾਣ ਨੂੰ ਕਿਹਾ ਜਾਂਦਾ ਹੈ
ਅਤੇ ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਪਾਕਿਸਤਾਨੀ ਨੂੰ ਹਰ ਦਿਨ ਸੱਦਾ ਦਿੱਤਾ ਜਾਂਦਾ ਹੈ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜੋ ਇਹ ਦੇਖੇਗਾ ਤੇ ਆਖੇਗਾ ‘ਇਹ ਕਾਮੇਡੀ ਨਹੀਂ ਹੈ... ਜੋਕ ਕਿਥੇ ਹੈ?’
ਅਤੇ ਮੈਂ ਉਸ ਭਾਰਤ ਤੋਂ ਵੀ ਆਉਂਦਾ ਹਾਂ, ਜੋ ਇਹ ਦੇਖੇਗਾ ਤੇ ਜਾਣੇਗਾ ਕਿ ਇਹ ਜੋਕ ਹੀ ਹੈ। ਬਸ ਮਜ਼ਾਕੀਆ ਨਹੀਂ ਹੈ
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਤਹਿਖਾਨੇ ’ਚ ਰਹਿਣ ਤੇ ਕੁਮੈਂਟ ਸੈਕਸ਼ਨ ’ਚ ਲਿਖਣ ਵਾਲੇ ਬੱਚਿਆਂ ਕੋਲ ਗਗਨਚੁੰਬੀ ਇਮਾਰਤਾਂ ’ਚ ਰਹਿਣ ਵਾਲੇ ਮਰਦਾਂ ਦੀ ਤੁਲਨਾ ’ਚ ਜ਼ਿਆਦਾ ਹਿੰਮਤ ਹੁੰਦੀ ਹੈ
ਮੈਂ ਇਕ ਅਜਿਹੇ ਭਾਰਤ ਤੋਂ ਆਉਂਦਾ ਹਾਂ, ਜਿਥੇ ਹਿੰਦੂ, ਮੁਸਲਿਮ, ਸਿੱਖ, ਪਾਰਸੀ ਤੇ ਜਯੂ ਹੈ
ਅਤੇ ਜਦੋਂ ਅਸੀਂ ਇਕੱਠੇ ਆਸਮਾਨ ’ਚ ਦੇਖਦੇ ਹਾਂ ਤਾਂ ਬਸ ਇਕ ਚੀਜ਼ ਨਜ਼ਰ ਆਉਂਦੀ ਹੈ, ਉਹ ਹੈ ‘ਪੈਟਰੋਲ ਦੀਆਂ ਕੀਮਤਾਂ’।
ਅੱਜ ਮੈਂ ਤੁਹਾਨੂੰ ਸਭ ਨੂੰ ਛੱਡ ਕੇ ਭਾਰਤ ਚਲਾ ਜਾਵਾਂਗਾ। ਮੈਂ ਕਿਸ ਭਾਰਤ ’ਚ ਜਾਵਾਂਗਾ?
ਦੋਵਾਂ ਭਾਰਤ ’ਚ ਜਾਵਾਂਗਾ। ਮੈਨੂੰ ਕਿਸ ਭਾਰਤ ’ਤੇ ਮਾਣ ਹੈ? ਇਕ ’ਤੇ।
ਕਿਸ ਭਾਰਤ ਨੂੰ ਮੇਰੇ ’ਤੇ ਮਾਣ ਹੈ?
ਦੋਵਾਂ ’ਚੋਂ ਕਿਸੇ ਨੂੰ ਨਹੀਂ।

ਇਸ ਕਵਿਤਾ ਨੂੰ ਦੇਖਣ ਲਈ ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰੋ–

ਨੋਟ– ਵੀਰ ਦਾਸ ਦੀ ਇਸ ਕਵਿਤਾ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸਿਓ।


Rahul Singh

Content Editor

Related News