ਵਿਨੋਦ ਕਾਪੜੀ ਦੀ ਹਿਮਾਲਈ ਪ੍ਰੇਮ ਕਹਾਣੀ ‘ਚਿਤਾ’ 23 ਅਕਤੂਬਰ ਨੂੰ ਹੋਵੇਗੀ ਰਿਲੀਜ਼।
Tuesday, Sep 29, 2026 - 11:51 AM (IST)
ਐਂਟਰਟੇਨਮੈਂਟ ਡੈਸਕ - ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮਮੇਕਰ ਵਿਨੋਦ ਕਾਪੜੀ ਦੀ ਫ਼ਿਲਮ ‘ਚਿਤਾ’ 23 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਹਿਮਾਲਿਆ ਦੇ ਪਿਛੋਕੜ ’ਤੇ ਬਣੀ ਇਹ ਫ਼ਿਲਮ ਬਜ਼ੁਰਗ ਜੋੜੇ ਦੀ ਕਹਾਣੀ ਹੈ, ਜਿਨ੍ਹਾਂ ਦੀ ਦੁਨੀਆ ਘਰ, ਯਾਦਾਂ ਅਤੇ ਇਕ-ਦੂਜੇ ਤੱਕ ਸੀਮਤ ਹਨ। ਉਨ੍ਹਾਂ ਦੇ ਬੱਚੇ ਬਿਹਤਰ ਮੌਕਿਆਂ ਦੀ ਭਾਲ ’ਚ ਪਿੰਡ ਤੋਂ ਦੂਰ ਚਲੇ ਗਏ ਹਨ।

ਭਗੀਰਥੀ ਫ਼ਿਲਮਜ਼ ਅਤੇ ਮਸ਼ਕਬੀਨ ਸਟੂਡੀਓਜ਼ ਦੇ ਬੈਨਰ ਹੇਠ ਵਿਨੋਦ ਕਾਪੜੀ, ਸੁਰੇਸ਼ ਜੋਸ਼ੀ ਤੇ ਅਰਿੰਦਰ ਰਾਏ ਚੌਧਰੀ ਵੱਲੋਂ ਬਣਾਈ ਗਈ ਇਸ ਫ਼ਿਲਮ ’ਚ 80 ਸਾਲਾ ਪਦਮ ਸਿੰਘ ਕਾਪੜੀ ਅਤੇ 70 ਸਾਲਾ ਹੀਰਾ ਦੇਵੀ ਮੁੱਖ ਭੂਮਿਕਾਵਾਂ ’ਚ ਹਨ। ਉੱਤਰਾਖੰਡ ਦੇ ਰਹਿਣ ਵਾਲੇ ਦੋਵਾਂ ਕਲਾਕਾਰਾਂ ਨੇ ਇਸ ਤੋਂ ਪਹਿਲਾਂ ਕਦੇ ਕੈਮਰੇ ਦਾ ਸਾਹਮਣਾ ਨਹੀਂ ਕੀਤਾ ਸੀ। ਪਦਮ ਸੇਵਾਮੁਕਤ ਫ਼ੌਜੀ ਹਨ, ਜਦ ਕਿ ਹੀਰਾ ਦੇਵੀ ਵਿਧਵਾ, ਘਰੇਲੂ ਔਰਤ ਅਤੇ ਸਾਬਕਾ ਡਾਂਸਰ ਹਨ।
ਨਿਰਦੇਸ਼ਕ ਵਿਨੋਦ ਕਾਪੜੀ ਨੇ ਕਿਹਾ, ‘‘ਚਿਤਾ ਆਖਰਕਾਰ ਪਿਆਰ ਦੀ ਕਹਾਣੀ ਹੈ। ਇਹ ਉਨ੍ਹਾਂ ਦੋ ਲੋਕਾਂ ਵਿਚਾਲੇ ਪਿਆਰ ਦੀ ਕਹਾਣੀ ਹੈ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਇਕੱਠੇ ਬਿਤਾਈ ਹੈ। ਪਦਮ ਸਿੰਘ ਅਤੇ ਹੀਰਾ ਦੇਵੀ ਨੂੰ ਲੱਭਣਾ ਇਕ ਅਨੋਖਾ ਤਜਰਬਾ ਸੀ। ਉਨ੍ਹਾਂ ਦੇ ਰਿਸ਼ਤੇ, ਖ਼ਾਮੋਸ਼ੀਆਂ ਅਤੇ ਭਾਵਨਾਵਾਂ ਸਕ੍ਰੀਨ ’ਚ ਅਜਿਹੀ ਸੱਚਾਈ ਲੈ ਕੇ ਆਈਆਂ, ਜਿਸ ਨੂੰ ਕਲਾਕਾਰਾਂ ਰਾਹੀਂ ਦੁਹਰਾਉਣਾ ਸ਼ਾਇਦ ਸੰਭਵ ਨਹੀਂ ਸੀ।’’ ਫ਼ਿਲਮ ਦਾ ਵਰਲਡ ਪ੍ਰੀਮੀਅਰ 28ਵੇਂ ਟਾਲਿਨ ਬਲੈਕ ਨਾਈਟਸ ਫ਼ਿਲਮ ਫੈਸਟੀਵਲ ’ਚ ਹੋਇਆ, ਜਿੱਥੇ ਇਸ ਨੂੰ ਪਾਫ਼ ਬੈਸਟ ਫ਼ਿਲਮ ਆਡੀਅੰਸ ਅੈਵਾਰਡ ਮਿਲਿਆ। ਫ਼ਿਲਮ 18 ਅੰਤਰਰਾਸ਼ਟਰੀ ਪੁਰਸਕਾਰ ਜਿੱਤ ਚੁੱਕੀ ਹੈ, ਜਿਨ੍ਹਾਂ ’ਚ 15 ਬੈਸਟ ਫ਼ਿਲਮ ਅੈਵਾਰਡਜ਼ ਸ਼ਾਮਿਲ ਹਨ।
