ਚਵਨਪਰਾਸ਼ ਦੀ ਮਸ਼ਹੂਰੀ ਕਰਨ ਵਾਲੇ ਅਕਸ਼ੇ ਕੁਮਾਰ ਦਾ ਕੋਰੋਨਾ ਪਾਜ਼ੇਟਿਵ ਹੋਣ ’ਤੇ ਲੋਕਾਂ ਨੇ ਉਡਾਇਆ ਰੱਜ ਕੇ ਮਜ਼ਾਕ

4/8/2021 12:52:15 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਲੋਕ ਸੋਸ਼ਲ ਮੀਡੀਆ ’ਤੇ ਅਕਸ਼ੇ ਤੇ ਚਵਨਪਰਾਸ਼ ਨੂੰ ਬੁਰੀ ਤਰ੍ਹਾਂ ਨਾਲ ਟਰੋਲ ਕਰ ਰਹੇ ਹਨ। ਜਿਥੇ ਬਾਕੀ ਸਿਤਾਰਿਆਂ ਨਾਲ ਲੋਕ ਹਮਦਰਦੀ ਦਿਖਾ ਰਹੇ ਹਨ, ਉਥੇ ਅਕਸ਼ੇ ਨੂੰ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ। ਅਕਸ਼ੇ ਕੁਮਾਰ ਦਸੰਬਰ 2020 ਤੋਂ ਚਵਨਪਰਾਸ਼ ਦੇ ਬ੍ਰਾਂਡ ਅੰਬੈਸਡਰ ਹਨ।

ਚਵਨਪਰਾਸ਼ ਦੀ ਮਸ਼ਹੂਰੀ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਅਕਸ਼ੇ ਦਾਅਵਾ ਕਰਦੇ ਹਨ ਕਿ ਚਵਨਪਰਾਸ਼ ਕੋਵਿਡ-19 ਦੇ ਖ਼ਿਲਾਫ਼ ਲੜਦਾ ਹੈ ਤੇ ਸਰੀਰ ’ਚ ਇਮਿਊਨਿਟੀ ਪਾਵਰ ਵਧਾਉਣ ’ਚ ਮਦਦ ਕਰਦਾ ਹੈ। ਮਸ਼ਹੂਰੀ ’ਚ ਅਕਸ਼ੇ ਕਹਿੰਦੇ ਹਨ ਕਿ ਰੋਜ਼ਾਨਾ ਦੋ ਚਮਚ ਚਵਨਪਰਾਸ਼ ਖਾਣ ਨਾਲ ਇਮਿਊਨਿਟੀ ਵਧਦੀ ਹੈ ਤੇ ਇਹ ਕੋਵਿਡ ਤੋਂ ਸੁਰੱਖਿਆ ਦਿੰਦਾ ਹੈ। ਹੁਣ ਅਜਿਹੇ ’ਚ ਚਵਨਪਰਾਸ਼ ਦੇ ਨਾਲ-ਨਾਲ ਅਕਸ਼ੇ ਕੁਮਾਰ ਦੀ ਪ੍ਰਸਿੱਧੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ ਜਦੋਂ ਅਕਸ਼ੇ ਚਵਨਪਰਾਸ਼ ਦੇ ਬ੍ਰਾਂਡ ਅੰਬੈਸਡਰ ਬਣੇ ਸਨ, ਉਸ ਸਮੇਂ ਉਨ੍ਹਾਂ ਕਿਹਾ ਸੀ, ‘ਮੈਨੂੰ ਅਸਲ ’ਚ ਵਿਸ਼ਵਾਸ ਹੈ ਕਿ ਇਕੱਠਿਆਂ ਚਵਨਪਰਾਸ਼ ਤੇ ਮੈਂ ਹਰ ਘਰ, ਹਰ ਵਿਅਕਤੀ ਤਕ ਇਸ ਨੂੰ ਲੈ ਕੇ ਜਾਵਾਂਗੇ ਤਾਂ ਕਿ ਸਾਂਝੇ ਤੌਰ ’ਤੇ ਸਾਡੇ ਦੇਸ਼ ਦੀ ਇਮਿਊਨਿਟੀ ਮਜ਼ਬੂਤ ਹੋਵੇ ਤੇ ਅਸੀਂ ਹਰ ਚੁਣੌਤੀ ਤੋਂ ਜਿੱਤ ਸਕੀਏ।’

ਇਸ ਤੋਂ ਇਹ ਸਵਾਲ ਵੀ ਉਠਦਾ ਹੈ ਕਿ ਕੀ ਸਿਤਾਰੇ ਸਿਰਫ ਵਸਤਾਂ ਦੇ ਪ੍ਰਚਾਰ ਲਈ ਹੀ ਪੈਸੇ ਲੈਂਦੇ ਹਨ ਤੇ ਅਸਲ ’ਚ ਉਨ੍ਹਾਂ ਦੀ ਵਰਤੋਂ ਨਹੀਂ ਕਰਦੇ। ਜੇਕਰ ਅਕਸ਼ੇ ਕੁਮਾਰ ਆਪਣੇ ਪ੍ਰਚਾਰਿਤ ਕੀਤੇ ਗਏ ਪ੍ਰੋਡਕਟ ਦੀ ਵਰਤੋਂ ਕਰਦੇ ਹਨ ਤਾਂ ਚਵਨਪਰਾਸ਼ ਦੇ ਦਾਅਵੇ ’ਤੇ ਸਵਾਲ ਲਾਜ਼ਮੀ ਹੈ ਕਿਉਂਕਿ ਜੋ ਅਦਾਕਾਰ ਉਸ ਦਾ ਬ੍ਰਾਂਡ ਅੰਬੈਸਡਰ ਹੈ, ਉਹੀ ਕੋਰੋਨਾ ਪਾਜ਼ੇਟਿਵ ਹੋ ਗਿਆ ਹੈ, ਜਦਕਿ ਕੰਪਨੀ ਦਾ ਕਹਿਣਾ ਹੈ ਕਿ 5 ਕੇਂਦਰਾਂ ’ਤੇ ਹੋਈ ਕਲੀਨਿਕਲ ਸਟੱਡੀ ਤੋਂ ਬਾਅਦ ਇਹ ਸਾਬਿਤ ਹੋਇਆ ਹੈ ਕਿ ਚਵਨਪਰਾਸ਼ ਕੋਵਿਡ 19 ਤੋਂ ਸੁਰੱਖਿਆ ਦੇਣ ’ਚ ਮਦਦ ਕਰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh